ਪੰਜਾਬ : ਭਾਰਤੀ ਹਾਕੀ ਟੀਮ ਏਸ਼ੀਆ ਕੱਪ ਜਿੱਤ ਕੇ ਪਹੁੰਚੀ ਏਅਰਪੋਰਟ, ਕੀਤਾ ਭਰਵਾਂ ਸਵਾਗਤ, ਦੇਖੋ ਵੀਡਿਓ

ਪੰਜਾਬ : ਭਾਰਤੀ ਹਾਕੀ ਟੀਮ ਏਸ਼ੀਆ ਕੱਪ ਜਿੱਤ ਕੇ ਪਹੁੰਚੀ ਏਅਰਪੋਰਟ, ਕੀਤਾ ਭਰਵਾਂ ਸਵਾਗਤ, ਦੇਖੋ ਵੀਡਿਓ

ਅੰਮ੍ਰਿਤਸਰ : ਪਿਛਲੇ ਦਿਨੀ ਹੰਗਾਜੂ ਏਸ਼ੀਆ ਖੇਡਾਂ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੋਨੇ ਦਾ ਤਗਮਾ ਜਿੱਤਿਆ ਹੈ। ਇਸ ਤੋਂ ਬਾਅਦ ਭਾਰਤ ਦੇ ਖਿਡਾਰੀਆਂ ਦੇ ਘਰਾਂ ਵਿੱਚ ਅਤੇ ਇਲਾਕਿਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਿਆ ਜਾ ਰਿਹਾ ਸੀ। ਉੱਥੇ ਹੀ ਭਾਰਤੀ ਟੀਮ ਏਅਰਪੋਰਟ ਤੇ ਪਹੁੰਚੀ ਤੇ ਉਸਦੇ ਸਵਾਗਤ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਭਾਰਤੀ ਹਾਕੀ ਟੀਮ ਦੇ ਪਰਿਵਾਰਿਕ ਮੈਂਬਰ ਤੇ ਉਹਨਾਂ ਦੇ ਸਮਰਥਕ ਅਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾਕੀ ਟੀਮ ਦੇ ਖਿਡਾਰੀ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਾਡੇ ਦੇਸ਼ ਦੇ ਯੂਥ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਤੇ ਖੇਲੋ ਇੰਡੀਆ ਗੇਮ ਦੇ ਵਿੱਚ ਹਰੇਕ ਨੂੰ ਹਿੱਸਾ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਬਿਨਾਂ ਗੱਲ ਤੋਂ ਨਸ਼ੇ ਦਾ ਨਾਮ ਦੇ ਕੇ ਬਦਨਾਮ ਕੀਤਾ ਜਾ ਰਿਹਾ ਹੈ।

ਪੰਜਾਬ ਵਿੱਚ ਬਹੁਤ ਸਾਰੇ ਇਸ ਤਰੀਕੇ ਦੇ ਨੌਜਵਾਨ ਵੀ ਹਨ ਜੋ ਖੇਡਾਂ ਦੇ ਵਿੱਚ ਮੱਲਾ ਮਾਰ ਕੇ ਪੰਜਾਬ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ। ਇਸ ਦੇ ਨਾਲ ਹੀ ਖਿਡਾਰੀ ਜਰਮਨ ਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਹੈ, ਕਿ ਉਹ ਏਸ਼ੀਆ ਖੇਡਾਂ ਵਿੱਚੋਂ ਸੋਨ ਤਗਮਾ ਜਿੱਤ ਕੇ ਭਾਰਤ ਲਈ ਲੈ ਕੇ ਆਏ ਹਨ। ਉਹਨਾਂ ਕਿਹਾ ਕਿ ਹੁਣ ਅਸੀਂ ਅੱਗੇ ਓਲੰਪਿਕ ਖੇਡਾਂ ਦੀ ਵੀ ਤਿਆਰੀ ਕਰਨ ਜਾ ਰਹੇ ਹਾਂ। ਹਰੇਕ ਟੀਮ ਆਪਣੇ ਵਾਸਤੇ ਜਿੱਤਣ ਲਈ ਆਉਂਦੀ ਹੈ ਤੇ ਮੁਕਾਬਲਾ ਬੜਾ ਹੀ ਰੋਮਾਂਚਿਕ ਸੀ ਅਤੇ ਬੜਾ ਵਧੀਆ ਲੱਗਾ ਕਿ ਅਸੀਂ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਕੇ ਆਏ ਹਾਂ। ਖਿਡਾਰੀਆਂ ਦੇ ਸਵਾਗਤ ਲਈ ਪਹੁੰਚੇ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਅੰਮ੍ਰਿਤਸਰ ਵਾਸਤੇ ਅਤੇ ਖਾਸ ਕਰਕੇ ਪੰਜਾਬੀਆਂ ਵਾਸਤੇ, ਕਿ ਭਾਰਤ ਦੀ ਹਾਕੀ ਟੀਮ ਦੇ ਵਿੱਚ ਜਿਆਦਾਤਰ ਪੰਜਾਬ ਦੇ ਖਿਡਾਰੀ ਹਨ ਅਤੇ ਉਹਨਾਂ ਨੇ ਪੰਜਾਬ ਦਾ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।

ਉਹਨਾਂ ਕਿਹਾ ਕਿ ਪਹਿਲਾਂ ਸਕੂਲੀ ਵਿਦਿਆਰਥੀਆਂ ਦੇ ਵਿੱਚ ਕ੍ਰਿਕਟ ਨੂੰ ਲੈ ਕੇ ਉਤਸ਼ਾਹ ਹੁੰਦਾ ਸੀ। ਹੁਣ ਹਾਕੀ ਨੂੰ ਲੈ ਕੇ ਵੀ ਬਹੁਤ ਜਿਆਦਾ ਉਤਸਾਹ ਦੇਖਣ ਨੂੰ ਮਿਲ ਰਿਹਾ। ਜਿਸ ਕਰਕੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਵੀ ਇਹਨਾਂ ਖਿਡਾਰੀਆਂ ਦਾ ਹੌਸਲਾ ਅਫਜਾਈ ਕਰਨ ਵਾਸਤੇ ਇਹਨਾਂ ਦੇ ਸਵਾਗਤ ਲਈ ਏਅਰਪੋਰਟ ਦੇ ਉੱਪਰ ਪਹੁੰਚੇ ਹੋਏ ਹਨ। ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤ ਦਾ ਨਾਮ ਰੋਸ਼ਨ ਕਰਕੇ ਹਾਕੀ ਟੀਮ ਜਿੱਤ ਕੇ ਅੰਮ੍ਰਿਤਸਰ ਗੁਰੂ ਦੀ ਧਰਤੀ ਤੇ ਪਹੁੰਚੀ ਹੈ ਅਤੇ ਉਹਨਾਂ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਵੇਲੇ ਓਲੰਪਿਕ ਦੇ ਵਿੱਚ ਹਾਕੀ ਟੀਮ ਬ੍ਰਾਂਚ ਮੈਡਲ ਜਿੱਤ ਕੇ ਆਈ ਸੀ। ਉਦੋਂ ਸਰਕਾਰ ਵੱਲੋਂ ਹਰੇਕ ਖਿਡਾਰੀ ਨੂੰ ਨੌਕਰੀ ਦੇ ਕੇ ਤੇ ਉਹਨਾਂ ਨੂੰ ਢਾਈ ਕਰੋੜ ਰੁਪਆ ਦੇ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਗਈ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਹਨਾਂ ਖਿਡਾਰੀਆਂ ਦਾ ਕਿਸ ਤਰੀਕੇ ਹੌਸਲਾ ਅਫਜ਼ਾਈ ਕਰਦੀ ਹੈ।