ਪੰਜਾਬ : ਕਿਵੇਂ ਬਣਾਏ ਜਾਂਦੇ ਹਨ ਦੁਸਹਿਰੇ ਮੌਕੇ ਵੱਡੇ ਆਕਾਰ ਦੇ ਰਾਵਣ ਦੇ ਪੁਤਲੇ, ਦੇਖੋ ਵੀਡਿਓ

ਪੰਜਾਬ : ਕਿਵੇਂ ਬਣਾਏ ਜਾਂਦੇ ਹਨ ਦੁਸਹਿਰੇ ਮੌਕੇ ਵੱਡੇ ਆਕਾਰ ਦੇ ਰਾਵਣ ਦੇ ਪੁਤਲੇ, ਦੇਖੋ ਵੀਡਿਓ

ਅੰਮ੍ਰਿਤਸਰ : ਭਾਰਤ ਵਿੱਚ ਹਰ ਸਾਲ ਦੁਸਹਿਰੇ ਮੌਕੇ ਰਾਵਣ ਦਹਿਨ ਕੀਤਾ ਜਾਂਦਾ ਹੈ ਅਤੇ ਦੁਸਹਿਰੇ ਦੇ ਤਿਉਹਾਰ ਤੇ ਫੂਕੇ ਜਾਣ ਵਾਲੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਭਾਵੇਂ ਪੂਰੇ ਦੇਸ਼ 'ਚ ਤਿਆਰ ਕੀਤੇ ਜਾਂਦੇ ਹਨ, ਪਰ ਅੰਮ੍ਰਿਤਸਰ ਦੇ ਲੋਹਗੜ ਚੌਕ 'ਚ ਸਥਿਤ ਰਾਵਣ ਮੰਡੀ ਇਨ੍ਹਾਂ ਪੁਤਲਿਆਂ ਨੂੰ ਬਣਾਉਣ 'ਚ ਪੂਰੇ ਪੰਜਾਬ 'ਚ ਮੋਹਰੀ ਮੰਨੀ ਜਾਂਦੀ ਹੈ। ਇਸ ਮੰਡੀ 'ਚ ਤਿਆਰ ਹੋਣ ਵਾਲੇ ਪੁਤਲੇ ਨਾ ਕੇਵਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੀ ਨਹੀਂ ਬਲਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਸਪਲਾਈ ਹੁੰਦੇ ਹਨ। ਇਸ ਕਾਰੋਬਾਰ ਦੀ ਸ਼ੁਰੂਆਤ ਦੁਸਹਿਰੇ ਤੋਂ ਦੋ ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਇਸ ਕਾਰੋਬਾਰ 'ਚ ਕਾਫੀ ਸਾਲਾਂ ਤੋਂ ਕੰਮ ਕਰ ਰਹੇ ਰਾਵਣ ਬਣਾਉਣ ਵਾਲੇ ਕਾਰੀਗਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਇਸ ਕਾਰੋਬਾਰ 'ਚ ਲੱਗਾ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਪੁਤਲੇ ਪੰਜਾਬ ਦੇ ਹਰ ਸ਼ਹਿਰ 'ਚ ਫੂਕੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਵੇਂ ਮਹਿੰਗਾਈ ਦੀ ਮਾਰ ਨੇ ਇਸ ਕਾਰੋਬਾਰ 'ਚ ਕਮਾਈ ਘਟਾ ਦਿੱਤੀ ਹੈ ਪਰ ਪੁਰਖੀ ਕਾਰੋਬਾਰ ਨੂੰ ਬਣਾਏ ਰੱਖਣ ਲਈ ਉਹ ਕਾਰੋਬਾਰ ਕਰਦੇ ਆ ਰਹੇ ਹਨ ਤੇ ਇਸੇ ਤਰ੍ਹਾਂ ਕਰਦੇ ਰਹਿਣਗੇ। ਉੱਥੇ ਹੀ ਪੁਤਲਾ ਤਿਆਰ ਕਰ ਸੁਭਾਸ਼ ਕੁਮਾਰ ਦਾ ਕਹਿਣਾ ਸੀ ਕਿ ਲੋਕਾਂ ਵਾਸਤੇ ਇਹ ਤਿਉਹਾਰ ਹੈ ਪਰ ਉਨ੍ਹਾਂ ਦੇ ਪਰਿਵਾਰਾਂ ਲਈ ਇਹ ਰੋਜ਼ਗਾਰ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਰਾਤ ਦਿਨ ਇਸ ਕੰਮ ਵਿੱਚ ਲੱਗਾ ਰਹਿੰਦਾ ਹੈ। ਪਰ ਫਿਰ ਵੀ ਉਨ੍ਹਾਂ ਨੂੰ ਪੂਰਾ ਮਿਹਨਤਾਨਾ ਨਹੀਂ ਮਿਲ ਪਾਉਂਦਾ। ਉਨ੍ਹਾਂ ਕਿਹਾ ਕਿ ਸਾਡੀ ਚੌਥੀ ਪੀੜ੍ਹੀ ਰਾਵਣ ਬਣਾਉਣ ਦਾ ਕੰਮ ਕਰ ਰਹੀ ਹੈ।