ਪੰਜਾਬ : ਲੁਟੇਰਿਆਂ ਨੇ ਸੈਰ ਕਰਨ ਗਈਆਂ ਔਰਤਾਂ ਨੂੰ ਬਣਾਇਆ ਨਿਸ਼ਾਨਾ, ਦੇਖੋ ਵੀਡਿਓ

ਪੰਜਾਬ : ਲੁਟੇਰਿਆਂ ਨੇ ਸੈਰ ਕਰਨ ਗਈਆਂ ਔਰਤਾਂ ਨੂੰ ਬਣਾਇਆ ਨਿਸ਼ਾਨਾ, ਦੇਖੋ ਵੀਡਿਓ

ਗੁਰਦਾਸਪੁਰ : ਪਿੰਡ ਘੁਰਾਲਾ ਵਿਖੇ ਸੋਮਵਾਰ ਸਵੇਰੇ ਸੈਰ ਲਈ ਨਿਕਲੀਆਂ ਔਰਤਾਂ ਨੂੰ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਰੋਕ ਕੇ ਉਨ੍ਹਾਂ ਕੋਲੋਂ ਸੋਨੇ ਦੀਆਂ ਵਾਲੀਆਂ ਅਤੇ ਸੋਨੇ ਦੀਆਂ ਚੂੜੀਆਂ ਖੋਹ ਲਈਆਂ ਅਤੇ ਫ਼ਰਾਰ ਹੋ ਗਏ।ਜਾਣਕਾਰੀ ਦਿੰਦਿਆਂ ਪੀੜਤ ਔਰਤ ਨਿਰਮਲਾ ਦੇਵੀ ਪਤਨੀ ਸੰਤੋਖ ਸਿੰਘ ਵਾਸੀ ਘੁਰਾਲਾ ਨੇ ਦੱਸਿਆ ਕਿ ਉਹ ਸੋਮਵਾਰ ਸਵੇਰੇ ਆਪਣੀ ਗੁਆਂਢੀ ਅਮਰਜੀਤ ਕੌਰ ਨਾਲ ਪਿੰਡ ਦੇ ਬਾਹਰ ਸੈਰ ਕਰਨ ਆਈ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਸੈਰ ਕਰਕੇ ਵਾਪਸ ਆ ਰਹੀ ਸੀ ਤਾਂ ਉਸ ਨੇ ਪਲਸਰ ਮੋਟਰਸਾਈਕਲ 'ਤੇ ਸਵਾਰ 3 ਵਿਅਕਤਿਆਂ ਨੂੰ ਦੇਖਿਆ, ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ।

ਜਦੋਂ ਉਹ ਪੈਦਲ ਵਾਪਸ ਗੋਦਾਮਾਂ ਨੇੜੇ ਪੁੱਜੀ ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਅਤੇ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਦੀਆਂ ਸੋਨੇ ਦੀਆਂ ਮੁੰਦਰੀਆਂ ਉਤਾਰਨ ਲਈ ਕਿਹਾ। ਪੀੜਤ ਔਰਤ ਨੇ ਦੱਸਿਆ ਕਿ ਉਹ ਆਪਣੀਆਂ ਮੁੰਦਰੀਆਂ ਉਤਾਰ ਰਹੀ ਸੀ, ਜਦੋਂ ਲੋਕਾਂ ਦੇ ਘਰ ਦੁੱਧ ਪਹੁੰਚਾਉਣ ਵਾਲਾ ਵਿਅਕਤੀ ਉਨ੍ਹਾਂ ਦੇ ਪਿੰਡ ਵਿੱਚ ਆ ਕੇ ਰੁਕਿਆ। ਔਰਤ ਨੇ ਸਬੰਧਤ ਵਿਅਕਤੀ ਨੂੰ ਦੱਸਿਆ ਕਿ ਲੁਟੇਰਿਆਂ ਨੇ ਰਿਵਾਲਵਰ ਕੱਢ ਕੇ ਦੁੱਧ ਡਲਿਵਰੀ ਕਰਨ ਜਾ ਰਹੇ ਨੌਜਵਾਨ ਦੇ ਮੱਥੇ 'ਤੇ ਰੱਖ ਦਿੱਤਾ ਅਤੇ ਉਸ ਨੂੰ ਉਥੋਂ ਚਲੇ ਜਾਣ ਲਈ ਕਿਹਾ।

ਘਬਰਾ ਕੇ ਉਕਤ ਵਿਅਕਤੀ ਵੀ ਉਥੋਂ ਚਲਾ ਗਿਆ। ਇਸ ਤੋਂ ਬਾਅਦ ਲੁਟੇਰਿਆਂ ਨੇ ਉਸ ਦੇ ਗੁੱਟ 'ਤੇ ਪਈਆਂ ਚੂੜੀਆਂ ਉਤਾਰਨ ਲਈ ਵੀ ਕਿਹਾ। ਉਨ੍ਹਾਂ ਨੇ ਚੂੜੀਆਂ ਵੀ ਲਾਹ ਕੇ ਉਸ ਨੂੰ ਦਿੱਤੀਆਂ ਅਤੇ ਲੁਟੇਰੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਉਸ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਸੂਚਨਾ ਮਿਲਦੇ ਹੀ ਪੁਲਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।