ਪੰਜਾਬ :ਟਰੱਕ ਚਾਲਕ ਭੇਦਭਰੇ ਹਾਲਤ ’ਚ ਹੋਇਆ ਲਾਪਤਾ, ਦੇਖੋ ਵੀਡਿਓ

ਪੰਜਾਬ :ਟਰੱਕ ਚਾਲਕ ਭੇਦਭਰੇ ਹਾਲਤ ’ਚ ਹੋਇਆ ਲਾਪਤਾ, ਦੇਖੋ ਵੀਡਿਓ

ਹੁਸਿ਼ਆਰਪੁਰ/ਸ਼ੌਨੂੰ ਥਾਪਰ : ਜਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੇ ਥਾਣਾ ਬੁੱਲੋਵਾਲ ਦੇ ਪਿੰਡ ਸ਼ਰਿਸਤਪੁਰ ਦੀ ਇੱਕ ਔਰਤ ਆਪਣੇ ਟਰੱਕ ਚਾਲਕ ਪਤੀ ਨੂੰ ਲੱਭਣ ਲਈ ਪਿਛਲੇ ਇੱਕ ਮਹੀਨੇ ਤੋਂ ਥਾਣਿਆਂ ਦੇ ਚੱਕਰ ਕੱਟ ਰਹੀ ਹੈ। ਉਸ ਦਾ ਪਤੀ ਆਪਣੇ ਟਰੱਕ ਮਾਲਿਕ ਨਾਲ ਹੀ ਗੇੜਾ ਲਗਾਉਣ ਲਈ ਗਿਆ ਸੀ। ਪਰੰਤੂ ਰਸਤੇ ਵਿੱਚੋਂ ਹੀ ਲਾਪਤਾ ਹੋ ਗਿਆ। ਪੀੜਿਤ ਪਰਿਵਾਰ ਨੂੰ ਆਪਣੇ ਘਰ ਦੇ ਜੀਅ ਦੇ ਲਾਪਤਾ ਹੋਣ ਦੀ ਟਰੱਕ ਮਾਲਿਕ ਵਲੋਂ ਦੱਸੀ ਜਾ ਰਹੀ ਕਹਾਣੀ ਹਜ਼ਮ ਨਹੀਂ ਹੋ ਰਹੀ। ਥਾਣਾ ਬੱਲੋਵਾਲ ਦੀ ਪੁਲਸ ਵੀ ਮਾਮਲੇ ਦੀ ਪੜਤਾਲ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਲਾ ਪੁਲਿਸ ਮੁਖੀ ਦੇ ਦਫ਼ਤਰ ਅੱਗੇ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀਆਂ ਸ਼ਿਕਾਇਤਾਂ ਵਿਚ ਪੀੜਿਤ ਪਤਨੀ ਸ਼ਕੁੰਤਲਾ ਦੇਵੀ, ਭਗਵਾਨ ਵਾਲਮੀਕ ਧਰਮ ਰਕਸ਼ਾ ਸੰਮਤੀ ਦੇ ਚੇਅਰਮੈਨ ਬਲਵਿੰਦਰ ਮਰਵਾਹਾ, ਜਿਲ੍ਹਾਂ ਉੱਪ ਪ੍ਰਧਾਨ ਅਜੇ ਕੁਮਾਰ ਲਾਡੀ, ਸੁੱਚਾ ਸਿੰਘ ਸਰਪੰਚ, ਸਤਪਾਲ ਦੀ ਹਾਜ਼ਰੀ ਵਿਚ ਦੱਸਿਆ ਕਿ ਉਸ ਦਾ ਪਤੀ ਮਹਿੰਦਰ ਪਾਲ ਟਰੱਕ ਚਾਲਕ ਹੈ। ਗੁਰਦਾਸਪੁਰ ਦੇ ਟਰੱਕ ਨੰਬਰ ਪੀ ਬੀ 06 ਕਿਊ 4537 ਦੇ ਮਾਲਿਕ ਭਗਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਬਜਾੜ ਨਾਲ ਹੀ ਟਰੱਕ ਚਲਾਉਂਦੇ ਹਨ। ਉਸ ਨੇ ਦੱਸਿਆ ਕਿ 28 ਅਕਤੂਬਰ ਨੂੰ ਉਹ ਭਗਤ ਸਿੰਘ ਦੇ ਨਾਲ ਹੀ ਟਰੱਕ ਲੈ ਕੇ ਗਏ ਸਨ ਅਤੇ ਲਗਾਤਾਰ ਉਸ ਦੇ ਪਤੀ ਨਾਲ ਗੱਲਬਾਤ ਹੁੰਦੀ ਰਹੀ।

ਉਸ ਨੇ ਦੱਸਿਆ ਕਿ 29 ਅਕਤੂਬਰ ਨੂੰ ਉਸ ਦੇ ਪਤੀ ਦਾ ਫ਼ੋਨ ਬੰਦ ਆਉਣ ਲੱਗਾ ਤਾਂ ਉਸ ਨੇ ਭਗਤ ਸਿੰਘ ਸਿੰਘ ਨੂੰ ਫ਼ੋਨ ਕੀਤਾ, ਤਾਂ ਉਸ ਨੇ ਦੱਸਿਆ ਕਿ ਰਸਤੇ ਵਿਚ ਗੱਡੀ ਦੀ ਆਰਟੀਓ ਚੈਕਿੰਗ ਦੌਰਾਨ ਉਸ ਦਾ ਪਤੀ ਮਹਿੰਦਰ ਪਾਲ ਗੱਡੀ ਛੱਡ ਕੇ ਫ਼ਰਾਰ ਹੋ ਗਿਆ ਸੀ ਅਤੇ ਮਿਲ ਨਹੀਂ ਰਿਹਾ। ਉਸ ਨੇ ਦੱਸਿਆ ਕਿ ਉਸੇ ਦਿਨ ਹੀ ਭਗਤ ਸਿੰਘ ਨੇ ਪਾਣੀਪਤ ਅਧੀਨ ਪੈਂਦੇ ਥਾਣਾ ਇਸਾਨਾ ਵਿਚ ਉਸ ਦੇ ਪਤੀ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕਰਵਾ ਦਿੱਤਾ। ਸ਼ਕੁੰਤਲਾ ਦੇਵੀ ਨੇ ਦੋਸ਼ ਲਗਾਇਆ ਕਿ ਗੱਡੀ ਵਿਚ ਮਾਲਿਕ ਦੇ ਬੈਠੇ ਹੋਣ ’ਤੇ ਟਰੱਕ ਚਾਲਕ ਨੂੰ ਭੱਜਣ ਦੀ ਕੀ ਲੋੜ ਸੀ ਅਤੇ ਟਰੱਕ ਚਾਲਕ ਭਗਤ ਸਿੰਘ ਝੂਠ ਬੋਲ ਰਿਹਾ ਹੈ ਉਨ੍ਹਾਂ ਮੰਗ ਕੀਤੀ ਕਿ ਭਗਤ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੇ ਪਤੀ ਦਾ ਪਤਾ ਲਗਾਇਆ ਜਾਵੇ। ਉਸ ਨੇ ਦੱਸਿਆ ਕਿ ਜੇਕਰ ਉਸ ਦੇ ਪਤੀ ਨੂੰ ਕੁੱਝ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰੀ ਵੀ ਭਗਤ ਸਿੰਘ ਦੀ ਹੋਵੇਗੀ। ਇਸ ਸਬੰਧੀ ਬੁੱਲੋਵਾਲ ਦੇ ਥਾਣਾ ਮੁਖੀ ਜਸਵੰਤ ਸਿੰਘ ਨੇ ਦੱਸਿਆ ਕਿ ਮਹਿੰਦਰਪਾਲ ਦੇ ਲਾਪਤਾ ਹੋਣ ਦਾ ਮਾਮਲਾ ਪਾਣੀਪਤ ਵਿਖ਼ੇ ਦਰਜ ਹੋ ਚੁੱਕਾ ਹੈ। ਉਹ ਦੂਜੀ ਵਾਰ ਮਾਮਲਾ ਦਰਜ ਨਹੀ ਕਰ ਸਕਦੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਉਨ੍ਹਾਂ ਭਗਤ ਸਿੰਘ ਨੂੰ ਬੁਲਾਇਆ ਹੈ। ਪੜਤਾਲ ਕਰਨ ਤੋਂ ਬਾਅਦ ਹੀ ਮਾਮਲੇ ਦੀ ਅਸਲੀਅਤ ਦਾ ਪਤਾ ਲੱਗੇਗਾ।