ਪੰਜਾਬ : ਜ਼ਮੀਨ ਦਾ ਕਬਜ਼ਾ ਛੁਡਾਉਣ ਦੌਰਾਨ ਕਿਸਾਨਾਂ ਅਤੇ ਕਬਜ਼ਾਧਾਰਕਾਂ ਦੀ ਪ੍ਰਸ਼ਾਸਨ ਨਾਲ ਹੋਈ ਝੜਪ, ਦੇਖੋਂ ਵੀਡਿਓ

ਪੰਜਾਬ : ਜ਼ਮੀਨ ਦਾ ਕਬਜ਼ਾ ਛੁਡਾਉਣ ਦੌਰਾਨ ਕਿਸਾਨਾਂ ਅਤੇ ਕਬਜ਼ਾਧਾਰਕਾਂ ਦੀ ਪ੍ਰਸ਼ਾਸਨ ਨਾਲ ਹੋਈ ਝੜਪ, ਦੇਖੋਂ ਵੀਡਿਓ

ਗੁਰਦਾਸਪੁਰ : ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਪੰਚਾਇਤੀ ਜ਼ਮੀਨ ਨੂੰ ਕਬਜ਼ਿਆਂ ਤੋਂ ਛੁਡਵਾਇਆ ਜਾ ਰਿਹਾ ਹੈ। ਪਿੰਡ ਸਰਾਵਾਂ ਵਿੱਚ ਵੀ ਕੁਝ ਲੋਕਾਂ ਨੇ 22 ਏਕੜ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਜਿਸ ਵਿੱਚੋਂ ਅੱਜ ਮਾਣਯੋਗ ਅਦਾਲਤ ਨੇ 12 ਏਕੜ ਜ਼ਮੀਨ ਜ਼ਬਤ ਕਰ ਲਈ ਹੈ। ਪਿੰਡ ਸਰਾਵਾਂ ਦੀ ਪੰਚਾਇਤੀ ਜ਼ਮੀਨ ਨੂੰ ਛੁਡਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਤਾਂ ਕਬਜ਼ਾਧਾਰੀਆਂ ਤੇ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਉਹ ਕਬਜ਼ਾ ਛੁਡਾਉਣਾ ਚਾਹੁੰਦੇ ਹਨ ਤਾਂ ਸਿਰਫ਼ 22 ਏਕੜ ਜ਼ਮੀਨ ਹੀ ਛੁਡਾਈ ਜਾਵੇ, ਉਹ 12 ਏਕੜ ਜ਼ਮੀਨ ਦਾ ਕਬਜ਼ਾ ਨਹੀਂ ਦੇਣਗੇ।

ਪੁਲਿਸ ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵਿਚਾਲੇ ਤਕਰਾਰ ਤੋਂ ਬਾਅਦ ਪ੍ਰਸ਼ਾਸਨ ਨੂੰ ਜ਼ਮੀਨ ਦਾ ਕਬਜ਼ਾ ਲਏ ਬਿਨਾਂ ਹੀ ਵਾਪਸ ਪਰਤਣਾ ਪਿਆ। ਜਦੋਂ ਲੋਕਾਂ ਨੇ ਤਹਿਸੀਲਦਾਰ ਦੀ ਕਾਰ ਰੋਕ ਕੇ ਜ਼ਮੀਨ ਨਾ ਛੁਡਾਉਣ ਦਾ ਕਾਰਨ ਪੁੱਛਿਆ ਤਾਂ ਕਾਰ 'ਚ ਬੈਠੇ ਤਹਿਸੀਲਦਾਰ ਬਿਨਾਂ ਕੁਝ ਕਹੇ ਵਾਪਸ ਪਰਤ ਗਏ। ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਬਲਦੇਵ ਸਿੰਘ ਨੇ ਦੱਸਿਆ ਕਿ ਉਹ 12 ਏਕੜ ਜ਼ਮੀਨ ਦਾ ਕੇਸ ਹਾਈ ਕੋਰਟ ਤੋਂ ਜਿੱਤ ਚੁੱਕੇ ਹਨ। ਅੱਜ ਪ੍ਰਸ਼ਾਸਨ ਇਸ 12 ਏਕੜ ਜ਼ਮੀਨ ਦਾ ਕਬਜ਼ਾ ਲੈਣ ਆਇਆ ਸੀ, ਪਰ ਕਿਸਾਨ ਆਗੂਆਂ ਅਤੇ ਕਾਬਜ਼ਕਾਰਾਂ ਨੇ ਉਨ੍ਹਾਂ ਨੂੰ ਕਬਜ਼ਾ ਲੈਣ ਤੋਂ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ 12 ਏਕੜ ਜ਼ਮੀਨ ਦਾ ਕੇਸ ਜਿੱਤ ਚੁੱਕੇ ਹਾਂ, ਪਰ ਬਾਕੀ ਰਹਿੰਦੀ 10 ਏਕੜ ਜ਼ਮੀਨ ਵੀ ਜਲਦੀ ਹੀ ਛੁਡਵਾ ਲਈ ਜਾਵੇਗੀ।

ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਦਾਲਤ ਵੱਲੋਂ 12 ਏਕੜ ਜ਼ਮੀਨ ਛੁਡਾਉਣ ਦੇ ਦਿੱਤੇ ਹੁਕਮਾਂ ਨੂੰ ਜਲਦੀ ਹੀ ਕਬਜਾ ਧਾਰਕਾਂ ਤੋਂ ਛੁਡਾਇਆ ਜਾਵੇ। ਮੌਕੇ 'ਤੇ ਪਹੁੰਚੇ ਬੀਡੀਪੀਓ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਸਾਨੂੰ 12 ਏਕੜ ਜ਼ਮੀਨ ਛੁਡਾਉਣ ਦੇ ਹੁਕਮ ਦਿੱਤੇ ਗਏ ਹਨ। ਜਿਸ ਤੋਂ ਬਾਅਦ ਉਹ ਜ਼ਮੀਨ ਛੁਡਵਾਉਣ ਲਈ ਆਏ ਸਨ। ਪਰ ਅਜੇ ਤੱਕ ਜ਼ਮੀਨ ਨਹੀਂ ਦਿੱਤੀ ਗਈ। ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਹਨਾਂ ਨੂੰ ਵਾਪਸ ਪਰਤਣਾ ਪਿਆ ਹੈ। ਉਨ੍ਹਾਂ ਕਿਹਾ ਕਿ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਬਾਕੀ 10 ਏਕੜ ਜ਼ਮੀਨ ਬਾਰੇ ਵੀ ਪਤਾ ਲੱਗਣ 'ਤੇ ਉਨ੍ਹਾਂ ਨਾਲ ਗੱਲ ਕੀਤੀ ਜਾ ਰਹੀ ਹੈ ਉਸ ਜ਼ਮੀਨ ਨੂੰ ਵੀ ਛੁਡਾਇਆ ਜਾਵੇਗਾ।