ਪੰਜਾਬ : ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਰੇਲਗੱਡੀ ਹੇਠਾਂ ਆ ਕੇ ਜੀਵਨ ਲੀਲਾ ਕੀਤੀ ਸਮਾਪਤ, ਦੇਖੋ ਵੀਡਿਓ

ਪੰਜਾਬ : ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਰੇਲਗੱਡੀ ਹੇਠਾਂ ਆ ਕੇ ਜੀਵਨ ਲੀਲਾ ਕੀਤੀ ਸਮਾਪਤ, ਦੇਖੋ ਵੀਡਿਓ

ਤਰਨਤਾਰਨ : ਕਰਜ਼ੇ ਤੋ ਪ੍ਰੇਸ਼ਾਨ ਕਿਸਾਨ ਦੁਆਰਾ ਰੇਲਗੱਡੀ ਦੇ ਥੱਲੇ ਆ ਕੇ ਆਪਣਾ ਜਾਨ ਗਵਾਉਣ ਦੀ ਖਬਰ ਸਾਹਮਣੇ ਆਈ ਹੈ। ਜਾਣਕਰੀ ਮੁਤਾਬਿਕ ਬਿਆਸ ਤੋਂ ਸ੍ਰੀ ਗੋਇੰਦਵਾਲ ਸਾਹਿਬ ਨੂੰ ਚੱਲਣ ਵਾਲੀ ਰੇਲਗੱਡੀ ਹੇਠਾਂ ਆ ਕੇ ਇਕ ਕਰਜ਼ੇ ਦੇ ਸਤਾਏ ਕਿਸਾਨ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਪੀੜਤ ਵਿਅਕਤੀ ਦੇ ਭਰਾ ਅਜੀਤ ਸਿੰਘ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲੂਕ ਸਿੰਘ ਉਮਰ ਲਗਭਗ 55 ਸਾਲ, ਵਾਸੀ ਪਿੰਡ ਰਾਮਪੁਰ ਭੂਤਵਿੰਡ, ਜ਼ਿਲ੍ਹਾ ਤਰਨਤਾਰਨ ਹੈ, ਜੋ ਕੇ ਆਪਣੇ ਸਿਰ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਅਤੇ ਦਿਮਾਗ਼ੀ ਤੌਰ ਤੇ ਅਪਸੈੱਟ ਰਹਿੰਦਾ ਸੀ। ਅੱਜ ਉਸ ਵੱਲੋਂ ਰੇਲਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਗਈ ਹੈ।



ਪੀੜਤ ਪਰਿਵਾਰ ਨੇ ਦੱਸਿਆ ਕਿ ਮਲੂਕ ਸਿੰਘ ਕੋਲ ਚਾਰ ਏਕੜ ਦੇ ਕਰੀਬ ਜ਼ਮੀਨ ਹੈ ਅਤੇ ਉਸ ਸਿਰ ਲਗਭਗ ਛੇ ਸੱਤ ਲੱਖ ਦਾ ਕਰਜ਼ਾ ਸੀ ਅਤੇ ਮੌਜੂਦਾ ਸਮੇਂ ਅੰਦਰ ਉਸ ਵੱਲੋਂ ਆਪਣੀ ਜ਼ਮੀਨ ਵਿੱਚ ਮਟਰ ਦੀ ਫ਼ਸਲ ਦੀ ਖੇਤੀ ਕੀਤੀ ਗਈ ਸੀ। ਮਟਰ ਦੀ ਫ਼ਸਲ ਦਾ ਰੇਟ ਹੇਠਾਂ ਡਿੱਗ ਜਾਣ ਕਰਕੇ ਉਸਦੀ ਪ੍ਰੇਸ਼ਾਨੀ ਹੋਰ ਵਧ ਗਈ ਅਤੇ ਉਸ ਵੱਲੋਂ ਰੇਲਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਦਿਆਲ ਸਿੰਘ ਮੀਆਂਵਿੰਡ ਅਤੇ ਸਤਨਾਮ ਸਿੰਘ ਖੋਜਕੀਪੁਰ ਵੱਲੋਂ ਮ੍ਰਿਤਕ ਦੇ ਪਰਿਵਾਰ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਅਤੇ ਮ੍ਰਿਤਕ ਦੇ ਬੇਰੁਜ਼ਗਾਰ ਪੁੱਤ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਗਈ ਹੈ।