ਪੰਜਾਬ : ਬੇਅਦਬੀ ਦੇ ਮਾਮਲੇ 'ਚ ਸ਼੍ਰੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੇ ਪੂਰੇ ਪਿੰਡ ਨੂੰ ਸੁਣਾਈ ਸਜ਼ਾ, ਦੇਖੋ ਵੀਡਿਓ

ਪੰਜਾਬ : ਬੇਅਦਬੀ ਦੇ ਮਾਮਲੇ 'ਚ ਸ਼੍ਰੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੇ ਪੂਰੇ ਪਿੰਡ ਨੂੰ ਸੁਣਾਈ ਸਜ਼ਾ, ਦੇਖੋ ਵੀਡਿਓ

ਪਟਿਆਲਾ : ਲਗਾਤਾਰ ਹੀ ਪਿੰਡਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਰੁਕਣ ਦਾ ਨਾਮ ਨਹੀਂ ਲੈ ਰਿਹਾ ਹਨ। ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਥੋੜੇ ਥੋੜੇ ਸਮੇਂ ਬਾਅਦ ਹੀ ਬੇਅਦਬੀਆਂ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਜਿਸ ਨਾਲ ਕਿ ਸਿੱਖਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ। ਜਦੋਂ ਇਹਨਾਂ ਬੇਅਦਬੀਆਂ ਕਰਨ ਵਾਲੇ ਆਰੋਪੀਆਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਤਾਂ ਉਹਨਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ, ਅਜਿਹਾ ਕਹਿ ਕੇ ਆਰੋਪੀ ਬੜੇ ਹੀ ਆਰਾਮ ਨਾਲ ਛੁੱਟ ਜਾਂਦੇ ਹਨ। ਅਜਿਹਾ ਹੀ ਮਾਮਲਾ ਪਿਛਲੇ ਦਿਨੀ ਜਿਲਾ ਪਟਿਆਲਾ ਦੇ ਪਿੰਡ ਮਾਹਲਗੜ੍ਹ ਤੋਂ ਸਾਹਮਣੇ ਆਇਆ। ਜਿੱਥੇ ਕਿ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਤੋੜਫੋੜ ਕਰਕੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਫਾੜ ਕੇ ਅਤੇ ਗੁਰਦੁਆਰਾ ਸਾਹਿਬ ਨੂੰ ਅੱਗ ਲਗਾ ਦਿੱਤੀ ਗਈ। ਇਸ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਪੂਰੇ ਪਿੰਡ ਮਹਲਗੜ੍ਹ ਨੂੰ ਤਲਬ ਕਰ ਦਿੱਤਾ ਗਿਆ ਸੀ।

ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ। ਜਿਸ ਤੇ ਚਲਦੇ ਪੂਰੇ ਪਿੰਡ ਚ ਹਰ ਪਰਿਵਾਰ ਦਾ ਇੱਕ ਮੈਂਬਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਉਹਨਾਂ ਮਾਫੀ ਮੰਗੀ। ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਵੱਲੋਂ ਪੂਰੇ ਪਿੰਡ ਨੂੰ ਧਾਰਮਿਕ ਸਜ਼ਾ ਵੀ ਸੁਣਾਈ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਇੱਕ ਵਿਅਕਤੀ ਹੈ ਜੋ ਦਿਮਾਗੀ ਤੌਰ ਤੇ ਪਰੇਸ਼ਾਨ ਹੈ। ਉਸ ਦਾ ਦਿਮਾਗ ਸਿਰਫ 5% ਹੀ ਕੰਮ ਕਰਦਾ ਹੈ ਅਤੇ ਪਿੰਡ ਦੇ ਵਿੱਚ ਕਿਸੇ ਘਰ ਵਿਆਹ ਸੀ ਅਤੇ ਉਸ ਵਿਆਹ ਵਾਲੇ ਪਰਿਵਾਰ ਵੱਲੋਂ ਸਾਰੇ ਪਿੰਡ ਨੂੰ ਸੱਦਾ ਦਿੱਤਾ ਗਿਆ ਸੀ। ਲੇਕਿਨ ਉਸ ਦਿਮਾਗੀ ਤੌਰ ਤੇ ਪਰੇਸ਼ਾਨ ਵਿਅਕਤੀ ਨੂੰ ਵਿਆਹ ਵਿੱਚ ਸੱਦਾ ਨਹੀਂ ਸੀ ਦਿੱਤਾ ਗਿਆ।

ਜਿਸ ਕਾਰਨ ਵਿਅਕਤੀ ਨੇ ਗੁੱਸੇ ਵਿੱਚ ਆ ਕੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਪਹਿਲਾ ਭੰਨਤੋੜ ਕੀਤੀ ਅਤੇ ਬਾਅਦ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਫਾੜੇ ਅਤੇ ਬਾਅਦ ਵਿੱਚ ਗੁਰਦੁਆਰਾ ਸਾਹਿਬ ਨੂੰ ਵੀ ਅੱਗ ਲਗਾ ਦਿੱਤੀ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਵੱਲੋਂ ਜਦੋਂ ਸੀਸੀਟੀਵੀ ਕੈਮਰੇ ਸੰਘਾਲੇ ਗਏ ਤਾਂ ਫਿਰ ਪੁਲਿਸ ਨੂੰ ਸੱਚਾਈ ਪਤਾ ਲੱਗੀ। ਜਿਸ ਵਿੱਚ ਕਿ ਪੂਰੇ ਪਿੰਡ ਦੀ ਅਣਗਹਿਲੀ ਸਾਹਮਣੇ ਆਈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਪੂਰੇ ਪਿੰਡ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਧਾਰਮਿਕ ਸਜ਼ਾ ਸੁਣਾਈ ਗਈ ਹੈ। ਜਿਸ ਵਿੱਚ ਪੂਰੇ ਪਿੰਡ ਨੂੰ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਜੋੜੇ ਸਾਫ ਕਰਨ ਦੀ ਸਜ਼ਾ ਸੁਣਾਈ ਗਈ ਹੈ ਅਤੇ ਬਾਅਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਅਤੇ ਫਿਰ ਗੁਰਦੁਆਰਾ ਸਾਹਿਬ ਦੀ ਨਵੀਂ ਕਮੇਟੀ ਬਣਾਈ ਜਾਵੇਗੀ।