ਪੰਜਾਬ : ਗੁਰਦੁਆਰਾ ਬਾਬਾ ਸਿਧਾਣਾ ਸਿੰਘ ਜੀ ਸ਼ਹੀਦ ਸੇਰੋਂ ਵਿਖੇ ਬੀਬੀਆਂ ਦਾ ਵਿਸਾਲ ਇਕੱਠ, ਦੇਖੋ ਵੀਡਿਓ

ਪੰਜਾਬ : ਗੁਰਦੁਆਰਾ ਬਾਬਾ ਸਿਧਾਣਾ ਸਿੰਘ ਜੀ ਸ਼ਹੀਦ ਸੇਰੋਂ ਵਿਖੇ ਬੀਬੀਆਂ ਦਾ ਵਿਸਾਲ ਇਕੱਠ, ਦੇਖੋ ਵੀਡਿਓ

2 ਜਨਵਰੀ ਦੀ ਮਹਾਰੈਲੀ ਵਿੱਚ ਬੀਬੀਆ ਕਰਨਗੀਆਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ : ਕਿਸਾਨ ਆਗੂ


ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵੱਲੋਂ ਜਿਲ੍ਹਾ ਪ੍ਰਧਾਨ ਅਤੇ ਸੂਬਾ ਆਗੂ ਸਤਨਾਮ ਸਿੰਘ ਮਾਣੋਚਾਹਲ, ਜਿਲ੍ਹਾ ਇੰਚਾਰਜ ਅਤੇ ਸੂਬਾ ਆਗੂ ਹਰਪ੍ਰੀਤ  ਸਿੰਘ ਸਿਂਧਵਾ ਅਤੇ ਜਿਲ੍ਹਾ ਸਕੱਤਰ ਅਤੇ ਸੂਬਾ ਆਗੂ ਹਰਜਿੰਦਰ ਸਿੰਘ ਸ਼ਕਰੀ  ਦੀ ਅਗਵਾਈ ਵਿੱਚ ਪਿੰਡ ਸੇਰੋਂ ਵਿਖੇ ਗੁਰਦੁਆਰਾ ਬਾਬਾ ਸਿਧਾਣਾ ਸਿੰਘ ਜੀ ਸ਼ਹੀਦ ਵਿਖੇ 2 ਜਨਵਰੀ ਦੀ ਜੰਡਿਆਲਾ ਗੁਰੂ ਰੈਲੀ  ਨੂੰ ਮੁੱਖ ਰੱਖਦਿਆਂ ਬੀਬੀਆਂ ਦੀ ਵੱਡੀ ਕਨਵੈਨਸ਼ਨ ਕੀਤੀ ਗਈ,  ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਬੀਬੀਆ ਨੇ ਸ਼ਮੂਲੀਅਤ ਕੀਤੀ ।ਇਸ ਮੌਕੇ ਸੂਬਾ ਆਗੂ ਸਤਨਾਮ ਸਿੰਘ ਪੰਨੂੰ ਵਿਸ਼ੇਸ਼ ਤੌਰ ਤੇ ਹਾਜਿਰ ਹੋਏ।

ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਵੱਖ-ਵੱਖ ਆਗੂਆਂ ਜਿਨ੍ਹਾਂ ਵਿਚ ਪਿ੍ੰਸੀਪਲ ਨਵਤੇਜ ਸਿੰਘ ਏਕਲ ਗੱਡਾ ਅਤੇ ਸਮਸ਼ੇਰ  ਸਿੰਘ ਤਰਨਤਾਰਨ,ਸਤਨਾਮ ਸਿੰਘ ਮਾਨੋਚਾਹਲ ਨੇ ਦੱਸਿਆ ਕਿ ਜਿਸ ਤਰ੍ਹਾਂ ਕੇਂਦਰ ਦੀ ਸਰਕਾਰ ਫਿਰਕੂ ਪਾੜਾ ਪੈਦਾ ਕਰਨ ਵਾਲ਼ੀ ਨੀਤੀ ਤਹਿਤ ਕੰਮ ਕਰਦੀ ਹੈ ਅਤੇ ਵਿਕਾਸ ਦੇ ਨਾਮ ਹੇਠ ਕਾਰਪੋਰੇਟ ਪੱਖੀ ਨੀਤੀਆਂ ਲਿਆ ਕੇ ਦੇਸ਼ ਨੂੰ ਅਮੀਰ ਪੂੰਜੀਪਤੀਆ ਹੱਥ ਵੇਚਣ ਵਾਲੇ ਮਾਰਗ ਤੇ ਚੱਲ ਰਹੀ ਹੈ ਅਤੇ ਕਿਸਾਨਾਂ ਮਜ਼ਦੂਰਾ ਦੇ ਹੱਕ ਦੱਬ ਕੇ ਬੈਠੀ ਹੈ, ਇਸ ਨੀਤੀ ਵਿਰੁੱਧ ਲੋਕਾਂ ਨੂੰ ਦਿੱਲੀ ਸੰਘਰਸ਼ ਵਾਂਗ ਵੱਡਾ ਤੇ ਸ਼ਾਂਤਮਈ ਸੰਘਰਸ਼ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਉਤਰੀ ਭਾਰਤ ਦੀਆ 18 ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ( ਗੈਰ ਰਾਜਨੀਤਿਕ ) ਦੋਨਾਂ ਫੋਰਮਾਂ ਵੱਲੋਂ ਦਿੱਲੀ ਮੋਰਚੇ ਦੀਆਂ ਲਟਕ ਰਹੀਆਂ ਕਿਸਾਨ ਮਜ਼ਦੂਰ ਸਬੰਧੀ ਮੰਗਾਂ ਜਿਵੇਂ ਕਿ ਸਾਰੀਆਂ ਫਸਲਾਂ ਦੀ ਖਰੀਦ ਤੇ ਐੱਮਐੱਸਪੀ ਗਰੰਟੀ ਕਨੂੰਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਸੀ 2 + 50% ਅਨੁਸਾਰ ਦਿੱਤੇ ਜਾਣ, ਬਿਜਲੀ ਬਿੱਲ 2020 ਨੂੰ ਪੂਰੀ ਤਰ੍ਹਾਂ ਰੱਦ ਕਰਨ, ਕਿਸਾਨ ਮਜਦੂਰ ਦੀ ਪੂਰਨ ਕਰਜ਼ ਮੁਕਤੀ, ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ, ਦਿੱਲੀ ਮੋਰਚੇ ਦੌਰਾਨ ਪਏ ਪੁਲਿਸ ਕੇਸ ਰੱਦ ਕਰਨ ,ਸਮਾਰਟ ਮੀਟਰਾਂ ਨੂੰ ਬੰਦ ਕਰਕੇ ਪੁਰਾਣੇ ਮੀਟਰ ਲਗਾਉਣ, ਹੜ ਨਾਲ ਹੋਈਆਂ ਫ਼ਸਲਾਂ ਦਾ ਯੋਗ ਮੁਆਵਜ਼ਾ ਨਾ ਦੇਣਾ ਅਤੇ ਹੋਰ ਅਹਿਮ ਮੁੱਦਿਆਂ ਤੇ ਸਰਕਾਰ ਨਾਲ ਸੰਘਰਸ਼ ਕਰਨੇ ਪੈਣਗੇ। ਉਨ੍ਹਾਂ ਕਿਹਾ ਪਿੰਡਾਂ ਵਿੱਚ  ਕਿਸਾਨਾਂ,ਮਜਦੂਰਾ ਅਤੇ ਆਮ ਵਰਗ ਦੇ ਲੋਕਾਂ ਦੇ ਨਾਲ-ਨਾਲ ਬੀਬੀਆਂ ਵਿੱਚ ਵੀ 2 ਜਨਵਰੀ ਦੀ ਜੰਡਿਆਲਾ ਗੁਰੂ ਵਿਖੇ ਹੋਣ ਜਾ ਰਹੀ ਮਹਾਂਰੈਲੀ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਜਥੇਬੰਦਕ ਅਤੇ ਗੈਰ ਜਥੇਬੰਦਕ ਲੋਕਾਂ ਨੂੰ ਅਪੀਲ ਹੈ ਕਿ ਆਪਸੀ ਨਿੱਕੇ ਮੋਟੇ ਮਤਭੇਦ ਭੁਲਾ ਕੇ ਦੇਸ਼ ਅਤੇ ਪੰਜਾਬ ਦੇ ਭਲੇ ਨੂੰ ਦੇਖਦੇ ਵਿਸ਼ਾਲ ਇਕੱਠ ਕਰਕੇ ਕਿਸਾਨ ਮਜਦੂਰ ਦੀ ਤਾਕਤ ਦਾ ਪ੍ਰਦਰਸ਼ਨ ਕੀਤਾ ਜਾਵੇ ਤਾਂ ਜੋ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਦੇ ਯਤਨ ਸਾਰਥਕ ਸਿੱਟੇ ਤੇ ਪਹੁੰਚ ਸਕਣ।

2 ਜਨਵਰੀ ਦੀ ਰੈਲੀ ਨੂੰ ਮੁੱਖ ਰੱਖਦਿਆਂ ਅੱਜ 8 ਜ਼ੋਨਾ ਵੱਲੋਂ  ਬਾਬਾ ਸਿਧਾਣਾ ਜੀ ਦੇ ਅਸਥਾਨ ਪਿੰਡ ਸੇਰੋਂ ਵਿਖੇ ਵਿਸ਼ਾਲ ਕੰਨਵੈਨਸ਼ਨ ਕੀਤੀ ਗਈ। ਜਿਸ ਵਿੱਚ ਹਜਾਰਾਂ ਬੀਬੀਆਂ ਨੇ ਸ਼ਮੂਲੀਅਤ ਕੀਤੀ। ਆਗੂਆਂ ਨੇ ਦੱਸਿਆ ਕਿ 4 ਜ਼ੋਨਾ ਵੱਲੋਂ ਕੱਲ੍ਹ ਨੂੰ ਬਾਬਾ ਬੁੱਢਾ ਜੀ ਦੇ ਅਸਥਾਨ ਪਿੰਡ  ਦਿਆਲਪੁਰਾ ਵਿਖੇ ਅਤੇ 4 ਜੋਨਾ ਵੱਲੋਂ  25 ਦਸੰਬਰ ਨੂੰ ਬਾਬਾ ਸਿਧਾਣਾ ਜੀ ਦੇ ਅਸਥਾਨ ਪਿੰਡ ਝਬਾਲ ਵਿਖੇ  ਬੀਬੀਆਂ ਦੀਆਂ ਵੱਡੀਆਂ ਕਨਵੈਨਸ਼ਨਾ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਸਰਕਾਰ ਵਿਰੁੱਧ ਵੱਡੇ ਰੋਸ ਮੁਜਾਹਰੇ ਕਰ ਕੇ ਲੋਕਾਂ ਨੂੰ ਸਰਕਾਰ ਦੇ ਵਿਰੁੱਧ ਲਾਮਬੰਦ ਕੀਤਾ ਜਾ ਸਕੇ।