ਪੰਜਾਬ : ਪ੍ਰਸਿੱਧ ਹਨੂੰਮਾਨ ਮੰਦਿਰ 'ਚ ਲੰਗੂਰ ਮੇਲਾ ਸ਼ੁਰੂ, ਦੇਖੋ ਵੀਡਿਓ

ਪੰਜਾਬ : ਪ੍ਰਸਿੱਧ ਹਨੂੰਮਾਨ ਮੰਦਿਰ 'ਚ ਲੰਗੂਰ ਮੇਲਾ ਸ਼ੁਰੂ, ਦੇਖੋ ਵੀਡਿਓ

ਨਵਜੰਮੇ ਬੱਚਿਆਂ ਤੋਂ ਲੈ ਕੇ ਨੌਜਵਾਨ ਤੱਕ ਇਸ ਮੰਦਰ 'ਚ ਬਣਦੇ ਹਨ ਲੰਗੂਰ

ਅੰਮ੍ਰਿਤਸਰ : ਵਿਸ਼ਵ ਪ੍ਰਸਿੱਧ ਸ਼੍ਰੀ ਲੰਗੂਰ ਮੇਲਾ ਅੱਜ ਐਤਵਾਰ ਨੂੰ ਜੈ ਸ਼੍ਰੀ ਰਾਮ ਅਤੇ ਜੈ ਸ਼੍ਰੀ ਹਨੂੰਮਾਨ ਦੇ ਜੈਕਾਰਿਆਂ ਨਾਲ ਸ਼ੁਰੂ ਹੋ ਗਿਆ ਹੈ ਸਿਰ ’ਤੇ ਟੋਪੀ ਵਾਲਾ ਲਾਲ ਤੇ ਚਾਂਦੀ ਦਾ ਚੋਲਾ, ਹੱਥ ’ਚ ਸੋਟੀ ਫੜੀ, ਪੈਰਾਂ ’ਚ ਘੁੰਗਰੂ ਬੰਨ੍ਹ ਕੇ ਅਤੇ ਢੋਲ ਦੀ ਧੁਨ ’ਤੇ ਝੂਲਦੇ ਲੰਗੂਰਾਂ ਦੇ ਬਣੇ ਬੱਚੇ ਸਭ ਦੀ ਖਿੱਚ ਦਾ ਕੇਂਦਰ ਬਣੇ। ਇਹ ਅਦਭੁਤ ਧਾਰਮਿਕ ਨਜ਼ਾਰਾ ਪੂਰੀ ਦੁਨੀਆ 'ਚ ਸ਼੍ਰੀ ਦੁਰਗਿਆਣਾ ਤੀਰਥ ਕੰਪਲੈਕਸ ਸਥਿਤ ਅਸਥਾਨ ਸ਼੍ਰੀ ਵੱਡਾ ਹਨੂੰਮਾਨ ਮੰਦਰ 'ਚ ਸ਼ਾਰਦੀਯ ਨਵਰਾਤਰੀ ਦੇ ਪਹਿਲੇ ਦਿਨ ਹੋਣ ਵਾਲੇ ਸ਼੍ਰੀ ਲੰਗੂਰ ਮੇਲੇ 'ਚ ਹੀ ਦੇਖਣ ਨੂੰ ਮਿਲਦਾ ਹੈ। ਕਿਹਾ ਜਾਂਦਾ ਹੈ ਕਿ ਜੋ ਵੀ ਇਸ ਚਮਤਕਾਰੀ ਮੰਦਰ 'ਚ ਆ ਕੇ ਪੁੱਤਰ ਦੀ ਇੱਛਾ ਰੱਖਦਾ ਹੈ, ਉਸ ਦੀ ਇੱਛਾ ਪੂਰੀ ਹੋ ਜਾਂਦੀ ਹੈ। ਹਰ ਸਾਲ ਜੋੜੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ 'ਤੇ ਇਸ ਮੰਦਰ 'ਚ ਆਉਂਦੇ ਹਨ ਅਤੇ ਬੱਚਿਆਂ ਨੂੰ ਲਾਲ ਅਤੇ ਚਾਂਦੀ ਦੇ ਚੋਲਿਆਂ 'ਚ ਲੰਗੂਰਾਂ ਦੇ ਰੂਪ 'ਚ ਸਜਾਉਂਦੇ ਹਨ।

ਹਨੂੰਮਾਨ ਮੰਦਿਰ ਵਿਖੇ ਹਰ ਸਾਲ ਲੱਗਣ ਵਾਲਾ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਪਹਿਲੇ ਨਰਾਤੇ ਉਤੇ ਸ਼ੁਰੂ ਹੋ ਗਿਆ ਹੈ। ਇਸ ਮੇਲੇ ਵਿੱਚ ਨਵਜੰਮੇ ਬੱਚਿਆਂ ਤੋਂ ਲੈ ਕੇ ਨੌਜਵਾਨ ਤੱਕ ਲੰਗੂਰ ਬਣਾਏ ਜਾਂਦੇ ਹਨ ਅਤੇ ਪੂਰੇ ਦਸ ਦਿਨ ਬ੍ਰਹਮਚਾਰੀ ਵਰਤ ਰੱਖਣ ਦੇ ਨਾਲ-ਨਾਲ ਪੂਰਾ ਸਾਤਵਿਕ ਜੀਵਨ ਬਤੀਤ ਕਰਦੇ ਹਨ। ਇਹ 10 ਦਿਨਾਂ ਵਰਤ ਦੁਸਹਿਰੇ ਵਾਲੇ ਦਿਨ ਸਮਾਪਤ ਹੁੰਦਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਸਵੇਰ ਤੋਂ ਹੀ ਹਨੁਮਾਨ ਮੰਦਿਰ ਵਿੱਚ ਮੱਥਾ ਟੇਕਣ ਵਾਸਤੇ ਪਹੁੰਚੇ ਹੋਏ ਹਨ। ਮੰਦਿਰ ਦੇ ਵਿੱਚ ਵੱਡੀਆਂ ਵੱਡੀਆਂ ਸ਼ਰਧਾਲੂਆਂ ਦੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਸ਼ਰਧਾਲੂ ਦਾ ਕਹਿਣਾ ਹੈ ਕਿ ਉਹ ਸਵੇਰੇ 4 ਵਜੇ ਤੋਂ ਹੀ ਲਾਈਨਾਂ ਵਿੱਚ ਮੱਥਾ ਟੇਕਣ ਵਾਸਤੇ ਲੱਗੇ ਹੋਏ ਸਨ ਅਤੇ ਤਿੰਨ ਘੰਟੇ ਬਾਅਦ ਉਹਨਾਂ ਨੇ ਦਰਸ਼ਨ ਕੀਤੇ ਹਨ।

ਜਿਕਰਯੋਗ ਹੈ ਕਿ ਇਸ ਮੰਦਰ ਸਬੰਧੀ ਇਹ ਕਿਹਾ ਜਾਂਦਾ ਹੈ ਕਿ ਇਸ ਮੰਦਰ 'ਚ ਸਥਾਪਿਤ ਸ਼੍ਰੀ ਹਨੂੰਮਾਨ ਜੀ ਦੀ ਮੂਰਤੀ ਇੱਥੇ ਆਪਣੇ ਆਪ ਪ੍ਰਗਟ ਹੋਈ ਸੀ। ਜਦੋਂ ਸ਼੍ਰੀ ਰਾਮ ਨੇ ਇੱਕ ਧੋਬੀ ਦੇ ਵਿਅੰਗ 'ਤੇ ਸੀਤਾ ਮਾਤਾ ਨੂੰ ਬਨਵਾਸ ਲਈ ਭੇਜਿਆ ਸੀ। ਇਸ ਲਈ ਉਸਨੇ ਉਸ ਸਮੇਂ ਮਹਾਰਿਸ਼ੀ ਵਾਲਮੀਕਿ ਦੇ ਆਸ਼ਰਮ ਵਿੱਚ ਸ਼ਰਨ ਲਈ ਅਤੇ ਉੱਥੇ ਆਪਣੇ ਦੋ ਪੁੱਤਰਾਂ ਲਵ ਅਤੇ ਕੁਸ਼ ਨੂੰ ਜਨਮ ਦਿੱਤਾ। ਇਸ ਦੌਰਾਨ ਸ਼੍ਰੀ ਰਾਮ ਨੇ ਅਸ਼ਵਮੇਧ ਯੱਗ ਕੀਤਾ ਅਤੇ ਸੰਸਾਰ ਨੂੰ ਜਿੱਤਣ ਲਈ ਆਪਣਾ ਘੋੜਾ ਛੱਡ ਦਿੱਤਾ। ਜਿਸ ਨੂੰ ਲਵ ਤੇ ਕੁਸ਼ ਨੇ ਇਸ ਸਥਾਨ 'ਤੇ ਫੜ ਕੇ ਬੋਹੜ ਦੇ ਦਰੱਖਤ ਨਾਲ ਬੰਨ੍ਹ ਦਿੱਤਾ ਸੀ। ਇਸ 'ਤੇ ਜਦੋਂ ਸ਼੍ਰੀ ਹਨੂੰਮਾਨ ਘੋੜੇ ਨੂੰ ਲਵ ਤੇ ਕੁਸ਼ ਤੋਂ ਛੁਡਾਉਣ ਲਈ ਪਹੁੰਚੇ। ਤਾਂ ਲਵ ਤੇ ਕੁਸ਼ ਦੋਵਾਂ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਤੇ ਹਨੂੰਮਾਨ ਨੂੰ ਇਸ ਸਥਾਨ 'ਤੇ ਬਿਠਾਇਆ। ਉਦੋਂ ਤੋਂ ਸ਼੍ਰੀ ਹਨੂੰਮਾਨ ਜੀ ਦੀ ਮੂਰਤੀ ਇੱਥੇ ਪ੍ਰਗਟ ਹੋਈ ਹੈ।