ਪੰਜਾਬ : 5994 ਬੇਰੁਜਗਾਰ ਅਧਿਆਪਕ ਯੂਨੀਅਨ ਦਾ ਪੱਕਾ ਮੋਰਚਾ ਆਰੰਭ, ਦੇਖੋ ਵੀਡਿਓ

ਪੰਜਾਬ : 5994 ਬੇਰੁਜਗਾਰ ਅਧਿਆਪਕ ਯੂਨੀਅਨ ਦਾ ਪੱਕਾ ਮੋਰਚਾ ਆਰੰਭ, ਦੇਖੋ ਵੀਡਿਓ

ਸ੍ਰੀ ਅਨੰਦਪੁਰ ਸਾਹਿਬ : ਈਟੀਟੀ ਕਾਡਰ ਦੀਆਂ 5994 ਅਸਾਮੀਆਂ ਦੀ ਭਰਤੀ ਪੂਰੀ ਕਰਵਾਉਣ ਲਈ ਪੈਰਵਾਈ ਕਰ ਰਹੀ ਈਟੀਟੀ ਟੈਟ ਪਾਸ ਬੋਰੇਜਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਨੇ ਆਪਣੇ ਐਲਾਨ ਮੁਤਾਬਿਕ ਅੱਜ ਬੁੱਧਵਾਰ ਤੋਂ ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਪੱਕਾ ਮੋਰਚਾ ਆਰੰਭ ਕਰ ਦਿੱਤਾ ਹੈ। ਇਸ ਪੱਕੇ ਮੋਰਚੇ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਪੱਕੇ ਮੋਰਚੇ ਵਿੱਚ ਸੂਬੇ ਭਰ ਵਿਚੋਂ 10 ਹਜਾਰ ਦੇ ਕਰੀਬ ਉਮੀਦਵਾਰਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਯੂਨੀਅਨ ਵੱਲੋਂ ਲਗਾਏ ਜਾ ਰਹੇ, ਇਸ ਪੱਕੇ ਮੋਰਚੇ ਵਿੱਚ ਅੱਧਾ ਦਰਜਨ ਦੇ ਲਗਭਗ ਅਧਿਆਪਕ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕਰਨ ਦਾ ਐਲਾਨ ਕਰ ਦਿੱਤਾ ਹੈ।ਯੂਨੀਅਨ ਆਗੂਆਂ ’ਚ ਰੋਸ ਹੈ ਕਿ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਇਸ ਭਰਤੀ ਨੂੰ ਪੂਰੀ ਕਰਨ ਵਿੱਚ ਕੋਈ ਦਿਲਚਸਪੀ ਨਹੀ ਦਿਖਾ ਰਹੀ।

ਜਿਸ ਕਾਰਨ ਹਜਾਰਾਂ ਉਮੀਦਵਾਰ ਪਰੇਸ਼ਾਨੀ ਦੇ ਆਲਮ ਵਿੱਚੋਂ ਗੁਜਰ ਰਹੇ ਹਨ। ਜਿਸ ਤੋਂ ਦੁੱਖੀ ਹੋ ਕੇ ਯੂਨੀਅਨ ਨੇ ਪੱਕਾ ਮੋਰਚਾ ਅਰੰਭਿਆ ਹੈ। ਇਸ ਮੋਰਚੇ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਕਮੇਟੀ ਮੈਂਬਰ ਬਲਿਹਾਰ ਸਿੰਘ ਬੱਲੀ, ਪਰਮਪਾਲ, ਬੱਗਾ ਖੁਡਾਲ, ਕੁਲਵਿੰਦਰ ਸਿੰਘ ਬਰੇਟਾ, ਜਸਪ੍ਰੀਤ ਸਿੰਘ ਮਾਨਸਾ, ਲਵਪ੍ਰੀਤ ਦੰਦੀਵਾਲ, ਰਮੇਸ਼ ਅਬੋਹਰ, ਪਰਗਟ ਸਿੰਘ, ਬਲਵਿੰਦਰ ਕਾਕਾ, ਜੱਸੀ, ਹਰੀਸ਼ ਕੁਮਾਰ, ਬੰਟੀ ਅਬੋਹਰ ਤੇ ਸੁਰਿੰਦਰਪਾਲ ਨੇ ਦੱਸਿਆ ਕਿ 5994 ਭਰਤੀ ਪੂਰੀ ਕਰਨ ਲਈ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਵਿਭਾਗ ਦੇ ਵੱਖ-ਵੱਖ ਉੱਚ ਅਧਿਕਾਰੀਆਂ ਨਾਲ ਅਨੇਕਾਂ ਵਾਰ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ, ਇਨ੍ਹਾਂ ਮੀਟਿੰਗਾਂ ਦੌਰਾਨ ਟਾਲ-ਮਟੋਲ ਅਤੇ ਭਰੋਸੇ ਤੋਂ ਇਲਾਵਾ ਕੁਝ ਨਹੀ ਮਿਲਿਆ।

ਇਨ੍ਹਾਂ ਮੀਟਿੰਗਾਂ ਦੌਰਾਨ ਕੋਈ ਹੱਲ ਨਾ ਨਿੱਕਲਣ ਤੋਂ ਖਫਾ ਹੋ ਕੇ ਯੂਨੀਅਨ ਨੇ ਮਜਬੂਰੀ ਵਸ ਪੱਕਾ ਮੋਰਚਾ ਲਗਾਉਣ ਦਾ ਫੈਸਲਾ ਲਿਆ ਹੈ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਊਣਤਾਈਆਂ ਕਾਰਨ ਉਕਤ ਭਰਤੀ ਮਾਨਯੋਗ ਹਾਈਕੋਰਟ ਵਿੱਚ ਫਸ ਕੇ ਰਹਿ ਗਈ ਹੈ। ਜਿਸ ਨੂੰ ਮਾਨਯੋਗ ਕੋਰਟ ਵਿੱਚੋਂ ਹੱਲ ਕਰਵਾਉਣ ਲਈ ਕੋਈ ਯਤਨ ਨਹੀ ਕੀਤੇ ਜਾ ਰਹੇ। ਆਗੂਆਂ ਨੇ ਦੱਸਿਆ ਕਿ ਯੂਨੀਅਨ ਦੀ ਮੰਗ ਹੈ ਕਿ ਸਰਕਾਰ ਮਾਨਯੋਗ ਅਦਾਲਤ ਵਿੱਚ ‘‘ਐਫੀਡੇਵਿਟ’’ ਦੇ ਕੇ ਭਰਤੀ ਪੂਰੀ ਕਰੇ, ਪਰ ਸਰਕਾਰ ਅਜਿਹਾ ਨਹੀ ਕਰ ਰਹੀ। ਹਰ ਵਾਰ ਆਗੂਆਂ ਨੂੰ ਮੀਟਿੰਗ ਦੇ ਕੇ ਅਤੇ ਮੀਟਿੰਗ ਦੌਰਾਨ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲ ਦਿੱਤਾ ਜਾਂਦਾ ਹੈ। ਜਿਸ ਕਾਰਨ ਸਮੂਹ ਈਟੀਟੀ ਕਾਡਰ ਅੰਦਰ ਬੇਹੱਦ ਰੋਸ ਹੈ।

5 ਮਾਰਚ ਨੂੰ ਹੋਈ ਸੀ ਪ੍ਰੀਖਿਆ, ਅੱਜ 07 ਮਹੀਨੇ ਬੀਤੇ

ਈਟੀਟੀ ਕਾਡਰ ਦੀਆਂ 5994 ਅਸਾਮੀਆਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ 5 ਮਾਰਚ 2023 ਨੂੰ ਲਈ ਗਈ ਸੀ। ਜਿਸਨੂੰ ਅੱਜ ਲਗਭਗ 7 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ, ਪਰ ਪੰਜਾਬ ਸਰਕਾਰ ਤੇ ਸਕੂਲੀ ਸਿੱਖਿਆ ਵਿਭਾਗ ਦੀਆਂ ਡੰਗ ਟਪਾਊ ਨੀਤੀਆਂ ਕਾਰਨ ਉਕਤ ਭਰਤੀ ਨੇਪਰੇ ਨਹੀ ਚੜ੍ਹ ਸਕੀ।

ਜੁਲਾਈ ’ਚ ਭਰਤੀ ਪੂਰੀ ਕਰਨ ਦਾ ਕੀਤਾ ਸੀ ਦਾਅਵਾ

ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਕਤ ਭਰਤੀ ਜੁਲਾਈ ਮਹੀਨੇ ਦੇ ਅੰਦਰ-ਅੰਦਰ ਪੂਰੀ ਕਰਨ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਦਾ ਵਾਅਦਾ ਅਜੇ ਤੱਕ ਵਫਾ ਨਹੀ ਹੋਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਉਕਤ 5994 ਅਧਿਆਪਕਾਂ ਨੂੰ ਜੁਲਾਈ ਮਹੀਨੇ ਦੌਰਾਨ ਸਕੂਲਾਂ ਵਿੱਚ ਜੁਆਇਨ ਕਰਵਾਉਣ ਦਾ ਐਲਾਨ ਕੀਤਾ ਸੀ, ਜੋ ਅਜੇ ਤੱਕ ਪੂਰਾ ਨਹੀ ਹੋਇਆ।