ਪੰਜਾਬ : ਸ੍ਰੀ ਹਰਿਮੰਦਰ ਸਾਹਿਬ ’ਚ ਕੀਤੀ ਜਾ ਰਹੀ ਹੈ ਫੁੱਲਾਂ ਦੀ ਸਜਾਵਟ, ਦੇਖੋ ਵੀਡਿਓ

ਪੰਜਾਬ  : ਸ੍ਰੀ ਹਰਿਮੰਦਰ ਸਾਹਿਬ ’ਚ ਕੀਤੀ ਜਾ ਰਹੀ ਹੈ ਫੁੱਲਾਂ ਦੀ ਸਜਾਵਟ, ਦੇਖੋ ਵੀਡਿਓ

ਦੇਸੀ ਤੇ ਵਿਦੇਸ਼ੀ ਫੁੱਲ ਬਣ ਰਹੇ ਹਨ ਖਿੱਚ ਦਾ ਕੇਂਦਰ

ਅੰਮ੍ਰਿਤਸਰ :  ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਸੰਗਤਾਂ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ। ਵੱਖ-ਵੱਖ ਤਰ੍ਹਾਂ ਦੇ ਦੇਸੀ ਤੇ ਵਿਦੇਸ਼ੀ ਫੁੱਲ ਸਜਾਵਟ ਲਈ ਵਰਤੇ ਜਾ ਰਹੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈ ਇਕਬਾਲ ਸਿੰਘ ਮੁੰਬਈ ਵੱਲੋਂ ਫੁੱਲਾਂ ਦੀ ਸੇਵਾ ਆਰੰਭੀ ਗਈ ਹੈ। ਸਜਾਵਟ ਲਈ 31 ਟਨ ਤੋਂ ਵੱਧ ਫੁੱਲ ਲਗਾਏ ਜਾਣਗੇ। ਇਨ੍ਹਾਂ ਫੁੱਲਾਂ ਵਿਚ ਆਰਕਿਡ, ਲਿਲੀਅਮ, ਕਾਰਨੇਸ਼ਨ, ਟਾਇਗਰ ਆਰਕਿਡ, ਸਿੰਗਾਪੁਰੀ ਡਰਾਫਟ, ਸੁਗੰਧੀ ਭਰਪੂਰ ਸੋਨ ਚੰਪਾ, ਗੁਲਾਬ, ਸਟਾਰ, ਮੈਰੀਗੋਲਡ, ਜਰਬਰਾ, ਐਲਕੋਨੀਆ, ਐਨਥੋਨੀਅਮ, ਹਾਈਡੇਂਜਰ ਵਿਸ਼ੇਸ਼ ਹਨ। ਭਾਰਤ ਦੇ ਪ੍ਰਮੁੱਖ ਸ਼ਹਿਰਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਫੁੱਲ ਮੰਗਵਾਏ ਗਏ ਹਨ। ਜਿਨ੍ਹਾਂ ਵਿਚ ਕੋਲਕਾਤਾ, ਮੁੰਬਈ, ਪੂਨਾ, ਬੈਂਗਲੁਰੂ, ਹਾਲੈਂਡ, ਥਾਈਲੈਂਡ, ਮਲੇਸ਼ੀਆ ਮੁੱਖ ਹਨ।

ਫੁੱਲ ਲਗਾਉਣ ਲਈ ਕੋਲਕਾਤਾ ਤੋਂ 100 ਦੇ ਕਰੀਬ ਕਾਰੀਗਰ ਕੰਮ ਰਹੇ ਹਨ। ਜਿਨ੍ਹਾਂ ਦਾ ਸਹਿਯੋਗ ਮੁੰਬਈ ਤੋਂ ਆਈਆਂ ਸੰਗਤਾਂ ਵੀ ਕਰ ਰਹੀਆਂ ਹਨ। ਮੁੰਬਈ ਤੋਂ 100 ਦੇ ਕਰੀਬ ਸੰਗਤਾਂ ਸਹਿਯੋਗ ਲਈ ਪੁੱਜੀਆਂ ਹੋਈਆਂ ਹਨ। ਫੁੱਲ ਲਗਾਉਣ ਦੀ ਆਰੰਭਤਾ ਕਰ ਦਿੱਤੀ ਗਈ ਹੈ ਜੋ 29 ਅਕਤੂਬਰ ਤੱਕ ਮੁਕੰਮਲ ਹੋ ਜਾਵੇਗੀ। ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਲਈ ਪੁੱਜ ਰਹੀਆਂ ਹਨ। ਇੱਥੇ ਪੁੱਜਣ ਵਾਲੀਆਂ ਸੰਗਤਾਂ ਲਈ ਫੁੱਲਾਂ ਦੀ ਸਜਾਵਟ ਆਕਰਸ਼ਣ ਬਣ ਰਹੀ ਹੈ। ਫੁੱਲਾਂ ਦੀ ਸਜਾਵਟ ਜਿਥੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪਰਿਕਰਮਾ ਵਿਚ ਸਥਿਤ ਹੋਰ ਅਸਥਾਨਾਂ ਵਿਖੇ ਕੀਤੀ ਜਾਵੇਗੀ।