ਪੰਜਾਬ : ਟਿੱਪਰ ਚਾਲਕ ਨੇ ਮੋਟਰਸਾਈਕਲ ਸਵਾਰ ਦਰੜਿਆ, 1 ਮੌਤ, ਦੇਖੋ ਵੀਡੀਓ

ਨਡਾਲਾ: ਭਾਂਵੇ ਕਿ ਪ੍ਰਸ਼ਾਸ਼ਨ ਨੇ ਨਡਾਲਾ ਚੌਂਕ ਤੋ ਬੇਗੋਵਾਲ ਟਾਂਡਾ ਰੋਡ ਤੱਕ ਸਵੇਰੇ 7 ਤੋ ਰਾਤ 9 ਵਜੇ ਤੱਕ ਭਾਰੀ ਟਰੱਕ ਟਰਾਲਿਆ ਦੀ ਆਮਦ ਤੇ ਪਾਬੰਦੀ ਲਗਾਈ ਹੋਈ ਹੈ। ਪਰੰਤੂ ਰੋਕ ਲੱਗਣ ਦੇ ਬਾਵਜੂਦ ਵੀ ਉਕਤ ਰੋਡ ਤੇ ਬੇ ਰੋਕ -ਟੋਕ ਇਹਨਾ ਦੀ ਆਮਦ ਜਾਰੀ ਹੈ। ਜਿਸ ਨਾਲ ਪ੍ਰਸ਼ਾਸ਼ਨ ਦੀ ਲਾਪਰਵਾਹੀ ਨਾਲ ਲੋਕ ਆਪਣੀਆ ਕੀਮਤੀ ਜਾਨਾ ਗਵਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਅੱਜ ਸਵੇਰੇ ਪਿੰਡ ਕੂਕਾ ਤਲਵੰਡੀ ਅੱਡੇ ਤੇ ਵਾਪਰਿਆ ਜਿੱਥੇ ਇਕ 35 ਸਾਲਾ ਨੋਜਵਾਨ ਆਪਣੇ ਸਹੁਰਿਆਂ ਦੇ ਘਰ ਚੋ ਨਿਕਲ ਕੇ ਆਪਣੇ ਪਿੰਡ ਟਾਂਡੀ ਜਾਣ ਲਈ ਮੋਟਰਸਾਈਕਲ ਤੇ ਸੜਕ ਕਿਨਾਰੇ ਖੜਾ ਸੀ ਕਿ ਪਿੱਛੋ ਤੇਜ਼ ਰਫਤਾਰ ਟਿਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਉਸਨੂੰ ਦਰੜਦਾ ਹੋਇਆ ਭੱਜ ਗਿਆ।

ਜਿਸ ਨਾਲ ਨੋਜਵਾਨ ਦੀ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਲਖਵਿੰਦਰ ਸਿੰਘ ਵਾਸੀ ਪਿੰਡ ਟਾਂਡੀ ਦਾਖਲੀ ਨੇ ਦੱਸਿਆ ਕਿ ਮੇਰਾ ਭਤੀਜਾ ਰਣਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਟਾਂਡੀ ਦਾਖਲੀ ਆਪਣੇ ਮੋਟਰਸਾਈਕਲ ਪੀਬੀ 09 ਯੂ 0891 ਤੇ ਆਪਣੇ ਸਹੁਰੇ ਪਿੰਡ ਕੂਕਾ ਤਲਵੰਡੀ ਜੋ ਕਿ ਸੜਕ ਕਿਨਾਰੇ ਤੇ ਹੀ ਘਰ ਹੈ ਓਥੇ ਗਿਆ ਸੀ। ਸਵੇਰੇ 8 ਵਜੇ ਪਿੰਡ ਵਾਪਸ ਟਾਂਡੀ ਆਉਣ ਲਈ ਮੋਟਰਸਾਈਕਲ ਤੇ ਸੜਕ ਕਿਨਾਰੇ ਖੜਾ ਸੀ ਕਿ ਬੇਗੋਵਾਲ ਤਰਫੋਂ ਇਕ ਤੇਜ਼ ਰਫਤਾਰ ਟਿਪਰ ਪੀਬੀ08 ਈ ਈ 3015 ਆਇਆ ਤੇ ਟੱਕਰ ਮਾਰ ਦਿੱਤੀ। ਇਸ ਦੌਰਾਨ ਟਰੱਕ ਚਾਲਕ ਦਰੜਦਾ ਹੋਇਆ ਭੱਜ ਗਿਆ ਤੇ ਹਾਦਸੇ ਚ ਉਸਦੀਆਂ ਦੋਵੇ ਲੱਤਾਂ ਟੁੱਟ ਗਈਆਂ। ਇਸ ਦੋਰਾਨ ਇਲਾਜ਼ ਲਈ ਉਸਨੂੰ ਸੁਭਾਨਪੁਰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਿਊਟੀ ਡਾਕਟਰਾਂ ਨੇ ਨਾਜੁਕ ਹਾਲਤ ਵੇਖਦਿਆਂ ਜਲੰਧਰ ਰੈਫਰ ਕਰ ਦਿੱਤਾ।

ਜਿਥੇ ਰਸਤੇ ਚ ਜਾਂਦਿਆ ਉਸਦੀ ਮੌਤ ਹੋ ਗਈ । ਉੱਧਰ ਟੱਕਰ ਮਾਰ ਕੇ ਭੱਜੇ ਟਿਪਰ ਚ ਪਿੰਡ ਘੱਗ ਨੇੜੇ ਪਰੈਸ਼ਰ ਟੈਂਕੀ ਲੀਕ ਹੋਣ ਕਾਰਣ ਟਿਪਰ ਚਾਲਕ, ਟਿੱਪਰ ਛੱਡ ਕੇ ਫਰਾਰ ਹੋ ਗਿਆ । ਮ੍ਰਿਤਕ ਨੋਜਵਾਨ ਦੇ ਪਰਿਵਾਰ ਵਾਲਿਆ ਨੇ ਦੱਸਿਆ ਕਿ ਜੇਕਰ ਇਸ ਰੋਡ ਤੇ ਟਿਪਰ , ਟਰਾਲਿਆ ਤੇ ਪਾਬੰਦੀ ਸੀ ਤਾਂ ਇਹਨਾ ਤੇ ਸਖਤੀ ਨਾਲ ਰੋਕ ਕਿਉ ਨਹੀ ਲੱਗੀ। ਇਸ ਹਾਦਸੇ ਪਿਛੇ ਉਹਨਾਂ ਪ੍ਰਸ਼ਾਸ਼ਨ ਨੂੰ ਵੀ ਜਿੰਮੇਵਾਰ ਠਹਿਰਾਉਦਿਆਂ ਕਿਹਾ ਕਿ ਜੇਕਰ ਉਹਨਾ ਨੂੰ ਇਨਸਾਫ ਨਾ ਮਿਲਿਆ ਤਾਂ ਧਰਨਾ ਲਾਉਣ ਨੂੰ ਮਜ਼ਬੂਰ ਹੋਣਗੇ। ਉਹਨਾ ਦੱਸਿਆ ਕਿ ਮ੍ਰਿਤਕ ਨੋਜਵਾਨ ਪਰਿਵਾਰ ਦਾ ਇਕਲੌਤਾ ਪੁੱਤ ਤੇ 5 ਸਾਲਾ ਲੜਕੀ ਦਾ ਬਾਪ ਸੀ । ਉਧਰ ਮਾਮਲੇ ਦੀ ਜਾਂਚ ਕਰੇ ਥਾਣਾ ਬੇਗੋਵਾਲ ਦੇ ਸਬ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਟਿਪਰ ਨੂੰ ਕਬਜ਼ੇ ਚ ਲੈ ਲਿਆ ਹੈ ਅਤੇ ਮ੍ਰਿਤਕ ਨੋਜਵਾਨ ਦਾ ਪੋਸਟ ਮਾਰਟਮ ਕਰਵੇ ਪਰਿਵਾਰਕ ਮੈਂਬਰਾਂ ਦੇ ਬਿਆਨਾ ਦੇ ਅਧਾਰ ਤੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ।