ਪੰਜਾਬ : ਵਿਦਿਆਰਥੀਆਂ ਦੇ ਦੋ ਧੜਿਆਂ ਵਿੱਚ ਚਲੀਆਂ ਗੋਲੀਆਂ, ਪੁਲਿਸ ਕਰ ਰਹੀ ਜਾਂਚ, ਦੇਖੋ ਵੀਡਿਓ

ਪੰਜਾਬ : ਵਿਦਿਆਰਥੀਆਂ ਦੇ ਦੋ ਧੜਿਆਂ ਵਿੱਚ ਚਲੀਆਂ ਗੋਲੀਆਂ, ਪੁਲਿਸ ਕਰ ਰਹੀ ਜਾਂਚ, ਦੇਖੋ ਵੀਡਿਓ

ਪੰਜਾਬ : ਬਟਾਲਾ ਪੁਲਿਸ ਅਧੀਨ ਪਿੰਡ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਕਸਬਾ ਘੁਮਾਣ ਨਜ਼ਦੀਕ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸਨਕੋਟ ਵਿਖੇ ਕਾਲਜ ਦੇ ਦੋ ਧਿਰਾਂ ਵਿਚਕਾਰ ਹੋਏ ਝਗੜੇ ਦੌਰਾਨ  ਗੋਲੀਆਂ ਚੱਲਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਘਟਨਾ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਡੀ.ਐਸ.ਪੀ. ਸ੍ਰੀ ਹਰਗੋਬਿੰਦਪੁਰ ਗੁਰਿੰਦਰਬੀਰ ਸਿੰਘ ਸਿੱਧੂ ਵੱਲੋਂ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਘਟਨਾ ਸਬੰਧੀ ਮੀ਼ਡੀਆ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਐਸ.ਐਚ.ਓ. ਮੈਡਮ ਬਲਜੀਤ ਕੌਰ ਸਰਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਕਾਲਜ ਵਿੱਚ ਫੰਕਸ਼ਨ ਦੌਰਾਨ ਕਾਲਜ ਦੇ ਵਿਦਿਆਰਥੀਆਂ ਦੇ ਧੜਿਆਂ ਦਾ ਆਪਸ ਵਿੱਚ ਝਗੜਾ ਹੋ ਗਿਆ ਸੀ। ਉਸੇ ਰੰਜਿਸ਼ ਦੇ ਚੱਲਦਿਆਂ ਅੱਜ ਇਕ ਧੜੇ ਦੇ ਵਿਦਿਆਰਥੀਆਂ ਵੱਲੋਂ ਕਾਲਜ ਦੇ  ਵਿਦਿਆਰਥੀ ਦੀ ਕੁਟਮਾਰ ਕੀਤੀ ਗਈ। ਇਸੇ ਝਗੜੇ ਦੇ ਚੱਲਦਿਆਂ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਆਏ ਨੌਜਵਾਨਾਂ ਵੱਲੋਂ ਕਾਲਜ ਚ ਗੋਲੀਆਂ ਚਲਾਈਆਂ ਗਈਆਂ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।  ਇਹ ਸਾਰੀ ਘਟਨਾ ਕਾਲਜ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਕਾਲਜ ਦੇ ਵਿਦਿਆਰਥੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। 

ਕਾਲਜ ਦੇ ਪ੍ਰਿੰਸੀਪਲ ਵੀ.ਕੇ. ਸਿੰਘ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਵਿੱਚ  ਸ਼ਨੀਵਾਰ ਨੂੰ ਫੰਕਸ਼ਨ ਦੌਰਾਨ ਮਾਮੂਲੀ ਝਗੜਾ ਹੋਇਆ ਸੀ। ਜਿਸ ਦੀ ਰੰਜਿਸ਼ ਤਹਿਤ ਇਕ ਧੜੇ ਵੱਲੋਂ ਦੂਸਰੇ ਧੜੇ ਦੇ ਵਿਦਿਆਰਥੀ ਦੀ ਕੁਟਮਾਰ ਕੀਤੀ ਗਈ ਅਤੇ  ਬਾਹਰੋ ਆਏ ਵਿਅਕਤੀਆਂ ਵੱਲੋਂ ਕਾਲਜ ਵਿੱਚ ਗੋਲੀਆਂ ਵੀ ਚਲਾਈਆਂ ਗਈਆਂ ਸਨ। ਜਿਸ ਨਾਲ ਕਾਲਜ ਦੇ ਵਿਦਿਆਰਥੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।