ਪੰਜਾਬ: ਅਵਾਰਾ ਪਸ਼ੂ ਅੱਗੇ ਆਣ ਨਾਲ ਹੋਇਆ ਭਿਆਨਕ ਹਾਦਸਾ, 4 ਜਖਮੀ, ਦੇਖੋਂ ਵੀਡਿਓ 

ਪੰਜਾਬ: ਅਵਾਰਾ ਪਸ਼ੂ ਅੱਗੇ ਆਣ ਨਾਲ ਹੋਇਆ ਭਿਆਨਕ ਹਾਦਸਾ, 4 ਜਖਮੀ, ਦੇਖੋਂ ਵੀਡਿਓ 

ਕੋਟਕਪੂਰਾ: ਮੋਗਾ ਰੋਡ 'ਤੇ ਟਰੱਕ ਯੂਨੀਅਨ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 4 ਵਿਅਕਤੀ ਬੁਰੀ ਤਰ੍ਹਾਂ ਜਖਮੀ ਹੋ ਗਏ। ਜਿੰਨ੍ਹਾਂ ਵਿੱਚੋਂ ਤਿੰਨ੍ਹਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਮੌਕੇ 'ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਕਾਰ ਤਿੰਨਕੋਣੀ ਵਾਲੇ ਪਾਸਿਓਂ ਮੋਗਾ ਵੱਲ ਜਾ ਰਹੀ ਸੀ ਕਿ ਇਸ ਦੌਰਾਨ ਜਦ ਕਾਰ ਟਰੱਕ ਯੂਨੀਅਨ ਦੇ ਨੇੜੇ ਪੁੱਜੀ ਤਾਂ ਕਾਰ ਦੇ ਅੱਗੇ ਅਚਾਨਕ ਇੱਕ ਪਸ਼ੂ ਆ ਗਿਆ। ਜਿਸਨੂੰ ਬਚਾਉਂਦੇ ਹੋਏ ਇਹ ਕਾਰ ਇੱਕ ਰੇਹੜੇ ਅਤੇ ਸਾਈਕਲ ਨਾਲ ਟਕਰਾਅ ਗਈ। ਟੱਕਰ ਇੰਨੀਂ ਭਿਆਨਕ ਸੀ ਕਿ ਹਾਸਦੇ 'ਚ ਤਿੰਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਇੰਨ੍ਹਾਂ ਵਿੱਚੋਂ ਕਾਰ 'ਚ ਸਵਾਰ ਦੋਵੇਂ ਵਾਸੀ ਗੁਰੂਸਰ ਤੋਂ ਇਲਾਵਾ ਇੱਕ ਰੇਹੜਾ ਚਾਲਕ ਅਤੇ ਇੱਕ ਸਾਇਕਲ ਸਵਾਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਰੇਹੜਾ ਚਾਲਕ ਅਤੇ ਇੱਕ ਸਾਇਕਲ ਸਵਾਰ ਵਿਅਕਤਿਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਸੀ।

ਹਾਦਸੇ ਦੀ ਸੂਚਨਾ ਮਿਲਦੇ ਹੀ ਟਰੈਫਿਕ ਪੁਲਸ ਦੇ ਏ.ਐਸ.ਆਈ. ਜਗਰੂਪ ਸਿੰਘ ਅਤੇ ਏ.ਐਸ.ਆਈ. ਰਜਿੰਦਰ ਸ਼ਰਮਾਂ ਤੋਂ ਇਲਾਵਾ ਥਾਣਾ ਸਿਟੀ ਕੋਟਕਪੂਰਾ ਦੇ ਏ.ਐਸ.ਆਈ. ਗੁਰਮੇਲ ਸਿੰਘ ਅਤੇ ਐਚ.ਸੀ. ਬੂਟਾ ਸਿੰਘ ਤੁਰੰਤ ਮੌਕੇ 'ਤੇ ਪੁੱਜੇ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਇਸ ਦੌਰਾਨ ਸੂਚਨਾ ਦੇਣ 'ਤੇ 108 ਨੰਬਰ ਐਂਬੂਲੈਂਸ ਤੁਰੰਤ ਮੌਕੇ 'ਤੇ ਪੁੱਜੀ ਅਤੇ ਲੋਕਾਂ ਦੀ ਸਹਾਇਤਾ ਨਾਲ ਸਾਰੇ ਜਖਮੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਲਿਜਾਇਆ ਗਿਆ। ਮੌਕੇ 'ਤੇ ਹਾਜਰ ਲੋਕਾਂ ਨੇ ਦੱਸਿਆ ਕਿ ਦੋਵੇਂ ਕਾਰ ਸਵਾਰਾਂ ਅਤੇ ਕੁਲਚੇ ਵੇਚਣ ਦਾ ਕੰਮ ਕਰਦੇ ਸਾਇਕਲ ਸਵਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।