ਪੰਜਾਬ : ਅਧਿਆਪਕਾਂ ਦੀ ਭਰਤੀ 'ਚ ਸਰਟੀਫ਼ਿਕੇਟਾਂ 'ਚ ਹੇਰਾਫੇਰੀ ਮਾਮਲੇ 'ਚ ਵਿਜੀਲੈਂਸ ਨੇ ਕੀਤਾ ਪਰਚਾ ਦਰਜ

ਪੰਜਾਬ : ਅਧਿਆਪਕਾਂ ਦੀ ਭਰਤੀ 'ਚ ਸਰਟੀਫ਼ਿਕੇਟਾਂ 'ਚ ਹੇਰਾਫੇਰੀ ਮਾਮਲੇ 'ਚ ਵਿਜੀਲੈਂਸ ਨੇ ਕੀਤਾ ਪਰਚਾ ਦਰਜ

ਦਾਗ਼ੀ ਉਮੀਦਵਾਰਾਂ ਨੂੰ ਪਈ ਹੁਣ ਹੱਥਾਂ ਪੈਰਾਂ ਦੀ 

ਪਟਿਆਲਾ : ਸਿਖਿਆ ਵਿਭਾਗ ਵਲੋਂ 2007 'ਚ ਅਧਿਆਪਕਾਂ ਦੀ ਅਸਾਮੀਆਂ ਦੀ ਪੂਰਤੀ ਲਈ 9998 ਟੀਚਿੰਗ ਫੈਲੋ ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਤੇ ਜ਼ਿਲ੍ਹਾ ਕਾਡਰ ਦੀਆਂ ਅਸਾਮੀਆਂ ਕਰ ਕੇ ਇਹ ਭਰਤੀ ਜ਼ਿਲ੍ਹਾ ਪੱਧਰ 'ਤੇ ਕੀਤੀ ਗਈ ਸੀ ਪਰ ਇਸ ਭਰਤੀ ਵਿਚ ਸਰਟੀਫ਼ਿਕੇਟ ਦੇ ਮਾਮਲੇ 'ਚ ਕੁੱਝ ਉਮੀਦਵਾਰਾਂ ਵਲੋਂ ਨੌਕਰੀ ਪ੍ਰਾਪਤ ਕਰਨ 'ਤੇ ਸਵਾਲ ਚੁਕੇ ਗਏ ਸਨ। ਇਸ ਦੀ ਜਾਂਚ ਪੜਤਾਲ ਲਈ 2013 ਵਿਚ ਤਜਰਬੇ ਵਾਲੇ ਦਰਜਨਾਂ ਸਰਟੀਫ਼ਿਕੇਟਾਂ 'ਚ ਹੇਰਾਫੇਰੀ ਸਾਹਮਣੇ ਆਈ। ਭਰਤੀ ਮਾਮਲੇ 'ਚ ਮੋਹਾਲੀ ਵਿਜੀਲੈਂਸ ਨੇ ਪਰਚਾ ਦਰਜ ਕੀਤਾ।

ਇਨ੍ਹਾਂ ਤਜਰਬਾ ਸਰਟੀਫ਼ਿਕੇਟ ਵਿਚ ਦਾਗ਼ੀ ਉਮੀਦਵਾਰਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ  ਗਈ ਹੈ ਅਤੇ ਭਰਤੀ ਨੂੰ ਨੇਪਰੇ ਚਾੜ੍ਹਨ ਵਾਲੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਸ ਜਾਂਚ ਦੇ ਘੇਰੇ ਵਿਚ ਲਿਆਂਦਾ ਗਿਆ ਹੈ। ਵਿਵਾਦਤ ਤਜਰਬਾ ਧਾਰਕ ਉਮੀਦਵਾਰਾਂ ਦੇ ਇਸ ਕੇਸ ਦੀ ਪੈਰਵੀ ਹਾਈ ਕੋਰਟ ਦੇ ਦਰਵਾਜ਼ੇ 'ਤੇ ਪੁੱਜ ਚੁਕੀ ਹੈ। ਇਸ ਭਰਤੀ ਨਾਲ ਸਬੰਧਤ ਸਿਵਲ ਰਿਟ ਪਟੀਸ਼ਨ ਨੀਰਜ ਸ਼ਰਮਾ ਬਨਾਮ ਪੰਜਾਬ ਸਟੇਟ ਤੇ ਹੋਰਨਾਂ ਦੀ ਸੁਣਵਾਈ ਤਹਿਤ ਸਿਖਿਆ ਵਿਭਾਗ ਨੂੰ ਸਖ਼ਤ ਹੁਕਮ ਨਾਲ ਪੈਰਵੀ ਲਈ ਵੀ ਕਹਿ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਦਹਾਕਿਆਂ ਤੋਂ ਸਿਖਿਆ ਵਿਭਾਗ ਦੀਆਂ ਬਹੁਤ ਸਾਰੀਆਂ ਅਧਿਆਪਕ ਭਰਤੀਆਂ ਦੇ ਮਾਮਲੇ ਹਾਈ ਕੋਰਟ 'ਚ ਚੱਲ ਰਹੇ ਹਨ ਅਤੇ ਇਨ੍ਹਾਂ ਭਰਤੀਆਂ 'ਚ ਸਿਖਿਆ ਵਿਭਾਗ ਨੂੰ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਲਈ ਚੁਣੌਤੀਆਂ 'ਚੋਂ ਲੰਘਣ ਪਿਆ ਹੈ।