ਜਲੰਧਰ : ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ

ਜਲੰਧਰ : ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ

ਜਲੰਧਰ : ਪਿੰਡ ਮੀਏਂਵਾਲ ਮੌਲਵੀਆਂ ’ਚ ਅਣਪਛਾਤੇ ਵਿਅਕਤੀਆਂ ਨੇ ਘਰ ’ਚ ਵੜ ਕੇ ਨੌਜਵਾਨ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੂਰਜ ਕੁਮਾਰ ਉਰਫ ਜੌਹਨ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਜੇ ਕੁਮਾਰ ਵਾਸੀ ਪਿੰਡ ਮੀਏਂਵਾਲ ਮੌਲਵੀਆਂ ਨੇ ਦੱਸਿਆ ਕਿ ਉਹ 3 ਮਹੀਨੇ ਤੋਂ ਨਕੋਦਰ ਵਿਖੇ ਰਹਿ ਰਿਹਾ ਹੈ। ੳਸ ਦਾ ਛੋਟਾ ਭਰਾ ਸੂਰਜ ਕੁਮਾਰ ਉਰਫ ਜੌਹਨ ਪਰਿਵਾਰ ਸਮੇਤ ਪਿੰਡ ਮੀਏਂਵਾਲ ਮੌਲਵੀਆਂ ’ਚ ਰਹਿੰਦਾ ਸੀ। 10 ਦਿਨ ਪਹਿਲਾਂ ਉਸ ਦੀ ਪਤਨੀ ਨਾਰਾਜ਼ਗੀ ਕਾਰਨ ਪੇਕੇ ਚਲੀ ਗਈ ਸੀ। ਸੂਰਜ ਦੇ 3 ਬੱਚੇ ਉਸ ਦੀ ਭੂਆ ਦੇ ਲੜਕੇ ਕੋਲ ਰਹਿੰਦੇ ਹਨ। ਅਜੇ ਨੇ ਦੱਸਿਆ ਕਿ ਸੋਮਵਾਰ ਸਵੇਰੇ 8 ਵਜੇ ਦੇ ਕਰੀਬ ਉਹ ਆਪਣੀ ਮਾਤਾ ਨੂੰ ਮਿਲਣ ਪਿੰਡ ਆਇਆ ਤਾਂ ਦੇਖਿਆ ਕਿ ਸੂਰਜ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਸੂਰਜ ਕੁਮਾਰ ਦੀ ਲਾਸ਼ ਖ਼ੂਨ ਨਾਲ ਲੱਥਪੱਥ ਸੋਫੇ ’ਤੇ ਪਈ ਸੀ ਤੇ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਹੋਏ ਸਨ। ਫ਼ਰਸ਼ ’ਤੇ ਵੀ ਬਹੁਤ ਜ਼ਿਆਦਾ ਖ਼ੂਨ ਡੁੱਲਿਆ ਹੋਇਆ ਸੀ।

ਅਜੇ ਨੇ ਦੱਸਿਆ ਕਿ ਉਸ ਨੇ ਭੂਆ ਦੇ ਲੜਕੇ ਨੂੰ ਮੌਕੇ ’ਤੇ ਬੁਲਾਇਆ ਅਤੇ ਰੌਲਾ ਪੈਣ ’ਤੇ ਪਿੰਡ ਦੇ ਲੋਕ ਵੀ ਇਕੱਠੇ ਹੋ ਗਏ। ਸੂਚਨਾ ਮਿਲਣ ’ਤੇ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਇਸ ਸਬੰਧੀ ਡੀਐੱਸਪੀ ਸ਼ਾਹਕੋਟ ਨਰਿੰਦਰ ਸਿੰਘ ਔਜਲਾ, ਡੀਐੱਸਪੀ (ਡੀ) ਸੁਰਿੰਦਰਪਾਲ ਧੋਗੜੀ ਤੇ ਐੱਸਐੱਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਕਤਲ ਹੋਇਆ ਤਾਂ ਸੂਰਜ ਕੁਮਾਰ ਉਸ ਵੇਲੇ ਘਰ ਵਿਚ ਇਕੱਲਾ ਹੀ ਸੀ। ਉਨ੍ਹਾਂ ਦੱਸਿਆ ਕਿ ਜਲੰਧਰ ਤੋਂ ਡਾਗ ਸਕੁਐਡ ਮੰਗਵਾ ਕੇ ਕਤਲ ਦੀ ਹਰ ਪਹਿਲੂ ਤੋਂ ਸ਼ੁਰੂ ਕਰ ਦਿੱਤੀ ਹੈ। ਪਿੰਡ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਸੁਰਾਗ ਹੱਥ ਲੱਗ ਸਕੇ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302 ਦਾ ਪਰਚਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਨਕੋਦਰ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ।