ਬਜ਼ਟ ’ਚ ਕਟੌਤੀ ਦੇ ਵਿਰੋਧ ਵਿਚ ਮਗਨਰੇਗਾ ਵਰਕਰਾਂ ਨੇ ਬੀਡੀਪੀਓ ਦਫ਼ਤਰ ਮੂਹਰੇ ਕੀਤਾ ਰੋਸ ਮੁਜ਼ਾਹਰਾ

ਬਜ਼ਟ ’ਚ ਕਟੌਤੀ ਦੇ ਵਿਰੋਧ ਵਿਚ ਮਗਨਰੇਗਾ ਵਰਕਰਾਂ ਨੇ ਬੀਡੀਪੀਓ ਦਫ਼ਤਰ ਮੂਹਰੇ ਕੀਤਾ ਰੋਸ ਮੁਜ਼ਾਹਰਾ

ਬੀਡੀਪੀਓ ਹਾਜੀਪੁਰ ਨੂੰ ਮੰਗ ਪੱਤਰ ਸੌਂਪਿਆ, ਬਜ਼ਟ ਦੀਆਂ ਕਾਪੀਆਂ ਫ਼ੂਕ ਕੀਤੀ ਨਾਅਰੇਬਾਜ਼ੀ

ਤਲਵਾਡ਼ਾ/ ਸੌਨੂੰ ਥਾਪਰ: ਕੇਂਦਰ ਸਰਕਾਰ ਵੱਲੋਂ ਮਗਨਰੇਗਾ ਬਜ਼ਟ ਵਿਚ ਕੀਤੀ ਕਟੌਤੀ ਦੇ ਖਿਲਾਫ਼ ਮਗਨਰੇਗਾ ਕਾਮਿਆਂ ਨੇ ਹਾਜੀਪੁਰ ’ਚ ਰੋਸ ਮਾਰਚ ਕੀਤਾ। ਬੁਢਾਬਡ਼ ਚੌਂਕ ’ਤੇ ਬਜ਼ਟ ਦੀਆਂ ਕਾਪੀਆਂ ਫ਼ੂਕੀਆਂ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਵੱਡੀ ਗਿਣਤੀ ਬਲਾਕ ਦੇ ਵੱਖ ਵੱਖ ਪਿੰਡਾਂ ’ਚੋਂ ਮਗਨਰੇਗਾ ਮੇਟਾਂ ਅਤੇ ਵਰਕਰਾਂ ਨੇ ਬੀਡੀਪੀਓ ਦਫ਼ਤਰ ਹਾਜੀਪੁਰ ਵਿਖੇ ਰੋਸ ਮੁਜ਼ਾਹਰਾ ਕੀਤਾ, ਰੋਸ ਮੁਜ਼ਾਹਰੇ ਦੀ ਪ੍ਰਧਾਨਗੀ ਮਗਨਰੇਗਾ ਵਰਕਰਜ਼ ਯੂਨੀਅਨ ਬਲਾਕ ਹਾਜੀਪੁਰ ਤੋਂ ਪ੍ਰਧਾਨ ਬਲਵਿੰਦਰ ਕੌਰ ਨੇ ਕੀਤੀ। ਰੋਸ ਮੁਜ਼ਾਹਰੇ ’ਚ ਦਸੂਹਾ, ਮੁਕੇਰੀਆਂ, ਟਾਂਡਾ ਅਤੇ ਤਲਵਾਡ਼ਾ ਤੋਂ ਵੀ ਯੂਨੀਅਨ ਦੇ ਨੁੰਮਾਇਦੇ ਸ਼ਾਮਲ ਹੋਏ।

ਇਸ ਮੌਕੇ ਪਸਸਫ਼ ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ,ਪੰਜਾਬ ਦੇ ਸੂਬਾ ਸਕੱਤਰ ਸਾਥੀ ਧਰਮਿੰਦਰ ਸਿੰਘ ਸਿੰਬਲੀ, ਜ਼ਮਹੂਰੀ ਕਿਸਾਨ ਸਭਾ ਤਹਿਸੀਲ ਮੁਕੇਰੀਆਂ ਤੋਂ ਸ਼ਿਵ ਕੁਮਾਰ, ਪੈਨਸ਼ਨਰਜ਼ ਐਸੋਸਿਏਸ਼ਨ ਦੇ ਤਹਿਸੀਲ ਪ੍ਰਧਾਨ ਗਿਆਨ ਸਿੰਘ ਗੁਪਤਾ ਆਦਿ ਨੇ ਮਗਨਰੇਗਾ ਬਜ਼ਟ ’ਚ ਕੀਤੀ 33 ਫੀਸਦੀ ਕਟੌਤੀ ’ਤੇ ਕੇਂਦਰ ਸਰਕਾਰ ਦੀ ਜ਼ੋਰਦਾਰ ਸ਼ਬਦਾਂ ’ਚ ਨਿਖੇਧੀ ਕੀਤੀ। ਬੁਲਾਰਿਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਬਜ਼ਟ ਵਿਚ ਮਗਨਰੇਗਾ ਯੋਜਨਾ ਤਹਿਤ ਪਿਛਲੇ ਸਾਲ ਰੱਖੀ ਤਜਵੀਜ਼ਤ ਰਾਸ਼ੀ 89 ਹਜ਼ਾਰ ਕਰੋਡ਼ ਰੁਪਏ ਤੋਂ ਘਟਾ ਕੇ 60 ਹਜ਼ਾਰ ਕਰੋਡ਼ ਰੁਪਏ ਕਰ ਦਿੱਤੀ ਹੈ।

ਲੋਕ ਕੰਮ ਚਾਹੁੰਦੇ ਹਨ, ਅਤੇ ਮਗਨਰੇਗਾ ਤਹਿਤ ਰੁਜ਼ਗਾਰ ਦੇ ਦਿਨਾਂ ‘ਚ ਵਾਧੇ ਦੀ ਮੰਗ ਕਰ ਰਹੇ ਹਨ। ਪਰ ਬਜ਼ਟ ਕਟੌਤੀ ਕਰਕੇ ਸਰਕਾਰ ਨੇ ਆਪਣੀ ਮਜ਼ਦੂਰ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਮਗਨਰੇਗਾ ਵਰਕਰ ਰਕਸ਼ਾ ਦੇਵੀ ਦਸੂਹਾ, ਕਮਲੇਸ਼ ਕੌਰ ਟਾਂਡਾ, ਪਰਮਜੀਤ ਕੌਰ ਆਸਫ਼ਪੁਰ, ਰਾਜਵਿੰਦਰ ਕੌਰ, ਦੇਸ ਰਾਜ ਢਾਡੇਕਟਵਾਲ ਆਦਿ ਨੇ ਬਜ਼ਟ ’ਚ ਕੀਤੀ ਕਟੌਤੀ ਬਹਾਲ ਕਰਨ, ਪੂਰਾ ਸਾਲ ਰੁਜ਼ਗਾਰ ਦੇਣ, ਦਿਹਾਡ਼ੀ 700 ਰੁਪਏ ਕਰਨ, ਪਡ਼੍ਹੇ ਲਿਖੇ ਮੇਟਾਂ ਅਤੇ ਵਰਕਰਾਂ ਨੂੰ ਗਰਾਮ ਰੁਜ਼ਗਾਰ ਸਹਾਇਕ ਦੀ ਭਰਤੀ ਵੇਲ਼ੇ ਪਹਿਲ ਦੇਣ, ਪੰਚਾਇਤਾਂ ਅਧੀਨ ਕਰਵਾਏ ਜਾਂਦੇ ਵਿਕਾਸ ਕਾਰਜ ਮਗਨਰੇਗਾ ਤਹਿਤ ਹੀ ਕਰਵਾਉਣ ਆਦਿ ਦੀ ਮੰਗ ਕੀਤੀ। ਧਰਨਾਕਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਬੀਡੀਪੀਓ ਹਾਜੀਪੁਰ ਬਿਕਰਮ ਸਿੰਘ ਨੂੰ ਸੌਂਪਿਆ। ਇਸ ਉਪਰੰਤ ਮਗਨਰੇਗਾ ਵਰਕਰਾਂ ਨੇ ਸ਼ਹਿਰ ’ਚ ਮਾਰਚ ਕੱਢਿਆ। ਬੁਢਾਬਡ਼ ਚੌਂਕ ’ਤੇ ਬਜ਼ਟ ਦੀ ਕਾਪੀਆਂ ਫ਼ੂਕੀਆਂ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।