ਥਾਣਿਆਂ ਨੂੰ ਗੰਗਾ ਜਲ ਨਾਲ ਧੋਣ ਦੀਆਂ ਗੱਲਾਂ ਕਰਨ ਵਾਲੇ ਅੱਜ ਆਪ ਹੀ ਥਾਣਿਆਂ ਚ’ ਪਾ ਰਹੇ ਨੇ ਗੰਦ : ਨਿਤਿਨ ਨੰਦਾ

ਥਾਣਿਆਂ ਨੂੰ ਗੰਗਾ ਜਲ ਨਾਲ ਧੋਣ ਦੀਆਂ ਗੱਲਾਂ ਕਰਨ ਵਾਲੇ ਅੱਜ ਆਪ ਹੀ ਥਾਣਿਆਂ ਚ’ ਪਾ ਰਹੇ ਨੇ ਗੰਦ : ਨਿਤਿਨ ਨੰਦਾ

ਸੱਤਾਧਾਰੀ ਆਗੂਆਂ ਦੇ ਇਸ਼ਾਰਿਆਂ ਤੇ ਨੱਚ ਰਹੀ ਹੈ ਪੁਲਿਸ : ਨੰਦਾ

ਸ਼੍ਰੀ ਅਨੰਦਪੁਰ ਸਾਹਿਬ: ਚੋਣਾਂ ਤੋਂ ਪਹਿਲਾਂ ਥਾਣਿਆਂ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਦੱਸਣ ਵਾਲੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸਟੇਜਾਂ ਤੋਂ ਸ਼ਰੇਆਮ ਐਲਾਨ ਕਰ ਰਹੇ ਸਨ ਕਿ ਆਪ ਦੀ ਸਰਕਾਰ ਬਣਦਿਆਂ ਹੀ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਚ’ ਪੈਂਦੇ ਤਿੰਨਾਂ ਥਾਣਿਆਂ ਨੂੰ ਗੰਗਾਜਲ ਨਾਲ ਧੋਤਾ ਜਾਵੇਗਾ ਤੇ ਥਾਣਿਆਂ ਚ’ ਕਿਸੇ ਵੀ ਤਰਾਂ ਦੀ ਧੱਕਾਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। 

ਪ੍ਰੰਤੂ ਅੱਜ ਉਹੀ ਹਲਕਾ ਵਿਧਾਇਕ ਆਮ ਆਦਮੀ ਪਾਰਟੀ ਦੇ ਗੁੰਡਾਗਰਦੀ ਕਰਨ ਤੇ ਉਤਾਰੂ ਵਰਕਰਾਂ ਨੂੰ ਬਚਾਉਣ ਲਈ ਸਿਫਾਰਿਸ਼ਾਂ ਕਰ ਰਿਹਾ ਹੈ ਤੇ ਪੁਲਿਸ ਆਪ ਦੇ ਵਰਕਰਾਂ ਅੱਗੇ ਲਿਲਕੜੀਆਂ ਕੱਢਦੀ ਵਿਖਾਈ ਦੇ ਰਹੀ ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜਸੇਵੀ ਤੇ ਬਸਪਾ ਆਗੂ ਸ਼੍ਰੀ ਨਿਤਿਨ ਨੰਦਾ ਨੇ ਕਰਦਿਆਂ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੋਥਾ ਥੰਮ ਅਖਵਾਉਂਦੇ ਹਨ ਤੇ ਸਮਾਜ ਵਿੱਚ ਵਾਪਰ ਰਹੀਆਂ ਹਰ ਤਰਾਂ ਦੀਆਂ ਘਟਨਾਵਾਂ ਨੂੰ ਸਾਡੇ ਤੱਕ ਪਹੁੰਚਾਉਂਦੇ ਹਨ ਪ੍ਰੰਤੂ ਆਮ ਆਦਮੀ ਪਾਰਟੀ ਦੇ ਵਰਕਰ ਉਨਾਂ ਪੱਤਰਕਾਰਾਂ ਤੇ ਹਮਲੇ ਕਰ ਰਹੇ ਹਨ, ਹੱਥੋ ਪਾਈ ਕਰਦੇ ਹੋਏ, ਉਨਾਂ ਦੇ ਮੋਬਾਇਲ ਭੰਨ ਰਹੇ ਹਨ ਤੇ ਮੰਤਰੀ ਸਾਹਿਬ ਇਨਾਂ ਗੁੰਡਿਆਂ ਤੇ ਕਾਰਵਾਈ ਕਰਵਾਉਣ ਦੀ ਥਾਂ ਉਨਾਂ ਦੀ ਪਿੱਠ ਥਾਪੜਦੇ ਹੋਏ ਪੁਲਿਸ ਨੂੰ ਨਿਰਦੇਸ਼ ਦੇ ਰਹੇ ਹਨ ਕਿ ਮੇਰੇ ਬੰਦਿਆਂ ਦਾ ਵਾਲ ਵੀ ਵਿੰਗਾ ਨਹੀਂ ਹੋਣਾ ਚਾਹੀਦਾ। 

ਉਨਾਂ ਕਿਹਾ ਕਿ ਥਾਣਿਆਂ ਕਚਿਹਰੀਆਂ ਵਿੱਚ ਆਪ ਵਰਕਰਾਂ ਦੇ ਇਸ਼ਾਰਿਆਂ ਤੇ ਕੰਮ ਕੀਤੇ ਜਾ ਰਹੇ ਹਨ ਤੇ ਮੰਤਰੀ ਸਾਹਿਬ ਦੇ ਚਹੇਤੇ ਨਜਾਇਜ ਧੰਦੇ ਕਰਨ ਵਾਲਿਆਂ ਤੋਂ ਸ਼ਰੇਆਮ ਵਸੂਲੀ ਕਰ ਰਹੇ ਹਨ ਪ੍ਰੰਤੂ ਮੰਤਰੀ ਸਾਹਿਬ ਅਣਜਾਣ ਬਣੇ ਹੋਏ ਹਨ।ਸ਼੍ਰੀ ਨੰਦਾ ਨੇ ਕਿਹਾ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਰੇਲਵੇ ਲਾਈਨ ਦੇ ਨੇੜੇ ਬਣੀਆ ਝੁੱਗੀਆਂ ਵਿੱਚ ਸ਼ਰੇਆਮ ਭੁੱਕੀ ਅਫੀਮ ਸ਼ਰਾਬ ਤੇ ਹੋਰ ਨਜਾਇਜ ਨਸ਼ੇ ਵੇਚੇ ਜਾ ਰਹੇ ਹਨ ਤੇ ਮੰਤਰੀ ਸਾਹਿਬ ਦਾ ਚਹੇਤਾ ਇੱਕ ਆਪ ਵਰਕਰ ਇਨਾਂ ਝੁੱਗੀਆਂ ਵਾਲਿਆਂ ਤੋਂ “ਮਹੀਨਾ” ਲੈਂਦਾ ਹੈ ਕੀ ਮੰਤਰੀ ਸਾਹਿਬ ਨੂੰ ਕੋਈ ਜਾਣਕਾਰੀ ਨਹੀਂ? ਉਨਾਂ ਮੰਤਰੀ ਸਾਹਿਬ ਨੂੰ ਸਵਾਲ ਕੀਤਾ ਕਿ ਕੀ ਇਨਾਂ ਝੁੱਗੀਆਂ ਵਿੱਚ ਵਿਕ ਰਹੇ ਨਸ਼ਿਆਂ ਸੰਬੰਧੀ ਉਨਾਂ ਨੂੰ ਕੋਈ ਜਾਣਕਾਰੀ ਨਹੀਂ?ਜੇਕਰ ਹੈ ਤਾਂ ਅੱਜ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ?ਉਨਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਮੰਤਰੀ ਸਾਹਿਬ ਦੇ ਚਹੇਤੇ ਆਪ ਵਰਕਰ “ਰੱਬ ਬਣੇ” ਗੁੰਡਾਗਰਦੀ ਕਰ ਰਹੇ ਹਨ ਪ੍ਰੰਤੂ ਪੁਲਿਸ ਦੇ ਹੱਥ ਬੰਨੇ ਹੋਏ ਵਿਖਾਈ ਦੇ ਰਹੇ ਹਨ ਇਸ ਤੋਂ ਵੱਧ ਸ਼ਰਮ ਵਾਲੀ ਗੱਲ ਹੋਰ ਕੀ ਹੋਵੇਗੀ।ਉਨਾਂ ਕਿਹਾ ਕਿ ਉਹ ਦਾਅਵੇ ਨਾਲ ਇਹ ਗੱਲ ਆਖ ਸਕਦੇ ਹਨ ਕਿ ਜੇਕਰ ਹਾਲਾਤ ਇਹੋ ਜਿਹੇ ਹੀ ਰਹੇ ਤਾਂ ਦੁਬਾਰਾ ਮੰਤਰੀ ਬਣਨਾ ਤਾਂ ਦੂਰ ਦੀ ਗੱਲ,ਇਨਾਂ ਲਈ ਸਰਪੰਚੀ ਜਿੱਤਣੀ ਵੀ ਅੋਖੀ ਹੋ ਜਾਵੇਗੀ।ਉਨਾਂ ਡੀ.ਜੀ.ਪੀ ਪੰਜਾਬ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਵਿੱਚ ਸ਼ਾਂਤੀ ਬਰਕਰਾਰ ਰੱਖਣੀ ਹੈ ਤਾਂ ਥਾਣਿਆਂ ਨੂੰ ਆਪ ਵਰਕਰਾਂ ਦਾ “ਅੱਡਾ” ਨਾ ਬਣਨ ਦਿੱਤਾ ਜਾਵੇ ਤੇ ਬਣਦੀ ਕਾਰਵਾਈ ਕਰਕੇ ਪੀੜਤ ਵਿਅਕਤੀਆਂ ਨੂੰ ਇਨਸਾਫ ਦਵਾਇਆ ਜਾਵੇ।