ਪੰਜਾਬ : ਸ਼ਹੀਦ ਹੋਏ ਫ਼ੌਜੀ ਪਰਦੀਪ ਸਿੰਘ ਦਾ ਜੱਦੀ ਪਿੰਡ ਬੱਲਮਗੜ੍ਹ ’ਚ ਹੋਇਆ ਅੰਤਿਮ ਸੰਸਕਾਰ

ਪੰਜਾਬ : ਸ਼ਹੀਦ ਹੋਏ ਫ਼ੌਜੀ ਪਰਦੀਪ ਸਿੰਘ ਦਾ ਜੱਦੀ ਪਿੰਡ ਬੱਲਮਗੜ੍ਹ ’ਚ ਹੋਇਆ ਅੰਤਿਮ ਸੰਸਕਾਰ

ਬੱਲਮਗੜ੍ਹ : ਬੀਤੇ ਦਿਨ ਕਸ਼ਮੀਰ ਦੇ ਅਨੰਤਨਾਗ ਵਿਖੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਦਿਆਂ, ਆਪਣੀ ਡਿਊਟੀ ਦੌਰਾਨ ਸ਼ਹੀਦ ਹੋਏ ਸਮਾਣਾ ਹਲਕੇ ਦੇ ਪਿੰਡ ਬੱਲਮਗੜ੍ਹ ਨਿਵਾਸੀ ਅਤੇ ਭਾਰਤੀ ਫ਼ੌਜ ਦੇ ਸੈਨਿਕ ਪਰਦੀਪ ਸਿੰਘ (27 ਸਾਲ) ਦੇ ਅੰਤਿਮ ਸਸਕਾਰ ਮੌਕੇ ਸਾਰਾ ਪਿੰਡ ਤੇ ਇਲਾਕਾ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਪਰਿਵਾਰ ਦੀ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਏ ਹਰ ਸ਼ਖ਼ਸ ਨੇ ਭਾਵੁਕ ਹੁੰਦਿਆਂ ਸੇਜਲ ਅੱਖਾਂ ਨਾਲ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ। ਸ਼ਹੀਦ ਦੀ ਪਤਨੀ ਸੀਮਾ ਰਾਣੀ, ਪਿਤਾ ਦਰਸ਼ਨ ਸਿੰਘ ਤੇ ਭਰਾ ਕੁਲਦੀਪ ਸਿੰਘ ਨੇ ਸ਼ਹੀਦ ਪਰਦੀਪ ਸਿੰਘ ਨੂੰ ਸਲਿਊਟ ਕਰਕੇ ਸਲਾਮੀ ਦਿੱਤੀ। ਸ਼ਹੀਦ ਪਰਦੀਪ ਸਿੰਘ ਦੇ ਅੰਤਿਮ ਸਸਕਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਰਫ਼ੋਂ ਸੂਬੇ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸ਼ਹੀਦ ਦੀ ਦੇਹ 'ਤੇ ਰੀਥ ਰੱਖ ਕੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ।

ਇਸ ਮੌਕੇ ਜੌੜਾਮਾਜਰਾ ਨੇ ਐਲਾਨ ਕੀਤਾ ਕਿ ਸ਼ਹੀਦ ਦੀ ਪਤਨੀ ਸੀਮਾ ਰਾਣੀ ਨੂੰ ਉਸਦੀ ਯੋਗਤਾ ਮੁਤਾਬਕ ਪਬਲਿਕ ਕਾਲਜ ਸਮਾਣਾ ‘ਚ ਸਹਾਇਕ ਪ੍ਰੋਫੈਸਰ ਲਗਾਇਆ ਜਾਵੇਗਾ। ਚੇਤਨ ਸਿੰਘ ਜੌੜਾਮਾਜਰਾ ਨੇ ਸ਼ਹੀਦ ਦੇ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਉਹ ਖ਼ੁਦ ਅਤੇ ਪੰਜਾਬ ਸਰਕਾਰ ਦੁਖੀ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਸਰਕਾਰ ਵੱਲੋਂ ਸ਼ਹੀਦ ਦੇ ਸਨਮਾਨ ਅਤੇ ਸਤਿਕਾਰ ਵਜੋਂ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਕਸ਼ਮੀਰ ਤੋਂ ਵਾਪਸ ਲਿਆਉਣ ਬਾਅਦ ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਨੂੰ ਇੱਕ ਵੱਡੇ ਕਾਫ਼ਲੇ ਨਾਲ ਪਿੰਡ ਬੱਲਮਗੜ੍ਹ ਵਿਖੇ ਲਿਆਂਦਾ ਗਿਆ। ਪਰਿਵਾਰ ਨੇ ਨਮ ਅੱਖਾਂ ਨਾਲ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਅਤੇ ਇਸ ਮਗਰੋਂ ਪੂਰੇ ਫ਼ੌਜੀ ਸਨਮਾਨਾਂ ਸਮੇਤ ਧਾਰਮਿਕ ਰਹੁ ਰੀਤਾਂ ਨਾਲ ਜਵਾਨ ਪਰਦੀਪ ਸਿੰਘ ਦੀ ਚਿਖਾ ਨੂੰ ਅਗਨੀ ਦਿਖਾਈ ਗਈ। ਭਾਰਤੀ ਫ਼ੌਜ ਦੇ ਬਿਗਲਰ ਨੇ ਮਾਤਮੀ ਧੁਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ ਫ਼ਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ।