ਪੰਜਾਬ : ਪੁਲਿਸ ਅਧਿਕਾਰੀਆਂ ਨੇ ਨਸ਼ੇ ਦੇ ਖਿਲਾਫ ਸ਼ੁਰੂ ਕੀਤੀ ਮੁਹਿੰਮ, ਦੇਖੋ ਵੀਡਿਓ

ਪੰਜਾਬ : ਪੁਲਿਸ ਅਧਿਕਾਰੀਆਂ ਨੇ ਨਸ਼ੇ ਦੇ ਖਿਲਾਫ ਸ਼ੁਰੂ ਕੀਤੀ ਮੁਹਿੰਮ, ਦੇਖੋ ਵੀਡਿਓ

ਗੁਰਦਾਸਪੁਰ : ਪੰਜਾਬ ਪੁਲਿਸ ਵੱਲੋਂ ਪੰਜਾਬ ਵਿੱਚੋਂ ਨਸ਼ੇ ਦਾ ਕੋਹੜ ਮੁਕਾਉਣ ਲਈ ਨਸ਼ੇ ਦੇ ਖਿਲਾਫ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਨੂੰ ਕਾਫੀ ਵੱਡੀ ਕਾਮਯਾਬੀ ਵੀ ਮਿਲ ਰਹੀ ਹੈ। ਨਸ਼ੇ ਦੇ ਕਾਰੋਬਾਰੀਆਂ ਨੂੰ ਗਿਰਫਤਾਰ ਕਰਨ ਦੇ ਨਾਲ ਨਾਲ ਪੁਲਿਸ ਵੱਲੋਂ ਵੱਖ ਵੱਖ ਇਲਾਕਿਆਂ ਵਿੱਚ ਜਾਗਰੂਕਤਾ ਸੈਮੀਨਾਰ ਵੀ ਲਗਵਾਏ ਜਾ ਰਹੇ ਹਨ। ਇਲਾਕਾ ਨਿਵਾਸੀਆਂ ਨੂੰ ਨਸ਼ਾ ਰੋਕਣ ਵਿੱਚ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਨਸ਼ੇ ਦੇ ਸ਼ਿਕਾਰ ਵਿਅਕਤੀ ਨੂੰ ਕੌਂਸਲਿੰਗ ਅਤੇ ਓਟ ਸੈਂਟਰ ਰਾਹੀਂ ਨਸ਼ਾ ਛੱਡ ਕੇ ਮੁੜ ਤੋਂ ਆਮ ਜ਼ਿੰਦਗੀ ਵਿੱਚ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਓਟ ਸੈਂਟਰਾਂ ਦਾ ਕੰਮ ਸੁਚਾਰੂ ਢੰਗ ਨਾਲ ਚੱਲਦਾ ਰਹੇ ਇਸ ਦੇ ਲਈ ਵੀ ਪੁਲਿਸ ਵੱਲੋਂ ਲਗਾਤਾਰ ਓਟ ਸੈਂਟਰਾਂ ਦੀ ਚੈਕਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸੇ ਕੜੀ ਤਹਿਤ ਐਸਐਸਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਵੱਲੋਂ ਧਾਰੀਵਾਲ ਦੇ ਨਜ਼ਦੀਕੀ ਪਿੰਡ ਕੋਟ ਸੰਤੋਖ ਰਾਏ ਵਿਖੇ ਚੱਲ ਰਹੇ ਓਟ ਸੈਂਟਰ ਦੀ ਅਚਾਨਕ ਚੈਕਿੰਗ ਕੀਤੀ ਗਈ।

ਇਸ ਮੌਕੇ ਤੇ ਐਸਐਸਪੀ ਸਾਹਿਬ ਨੇ ਓਟ ਸੈਂਟਰ ਨੂੰ ਚਲਾ ਰਹੇ ਸਰਕਾਰੀ ਕਰਮਚਾਰੀਆਂ ਦੇ ਨਾਲ ਗੱਲਬਾਤ ਕਰਕੇ ਓਟ ਸੈਂਟਰ ਦੇ ਬਾਰੇ ਵਿਸਤਾਰ ਨਾਲ ਜਾਣਕਾਰੀ ਲਈ । ਐਸਐਸਪੀ ਸਾਹਿਬ ਵੱਲੋਂ ਰਿਕਾਰਡ ਵੀ ਚੈੱਕ ਕੀਤਾ ਗਿਆ ਅਤੇ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਇਹ ਵੀ ਜਾਨਣ ਦੀ ਕੋਸ਼ਿਸ਼ ਕੀਤੀ ਕਿ ਉੱਥੇ ਹਾਜ਼ਰ ਕਰਮਚਾਰੀਆਂ ਨੂੰ ਕਿਤੇ ਕੋਈ ਮੁਸ਼ਕਿਲ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਂਦਾਂ। ਜਾਣਕਾਰੀ ਦਿੰਦਿਆਂ ਐਸਐਸਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਓਟ ਸੈਂਟਰ ਨਸ਼ੇ ਦੇ ਆਦੀ ਵਿਅਕਤਿਆਂ ਨੂੰ ਨਸ਼ਾ ਛੱਡਣ ਵਿੱਚ ਸਹਾਇਕ ਸਾਬਤ ਹੋ ਰਹੇ ਹਨ। ਪਰ ਸੂਚਨਾਵਾਂ ਮਿਲੀਆਂ ਸਨ ਕਿ ਉਟ ਸੈਂਟਰਾਂ ਦੇ ਕੁਝ ਕਰਮਚਾਰੀਆਂ ਵੱਲੋਂ ਦਵਾਈਆਂ ਬਾਹਰ ਵੇਚ ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਕੁਝ ਕਰਮਚਾਰੀਆਂ ਨੇ ਨਸ਼ੇ ਦੇ ਆਦੀ ਵਿਅਕਤਿਆਂ ਵੱਲੋਂ ਤੰਗ ਪਰੇਸ਼ਾਨ ਕਰਨ ਅਤੇ ਹੰਗਾਮਾ ਕਰਨ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਸਨ। ਇਸ ਲਈ ਪੁਲਿਸ ਵੱਲੋਂ ਲਗਾਤਾਰ ਓਟ ਸੈਂਟਰਾਂ ਦੇ ਜਾਇਜੇ ਲਏ ਜਾ ਰਹੇ ਹਨ ਅਤੇ ਓਟ ਸੈਂਟਰਾਂ ਦੇ ਬਾਰੇ ਕਰਮਚਾਰੀਆਂ ਅਤੇ ਨਸ਼ੇ ਦੇ ਆਦੀ ਵਿਅਕਤਿਆਂ ਦੀਆਂ ਮੁਸ਼ਕਿਲਾ ਵੀ ਸੁਣੀਆਂ ਜਾ ਰਹੀਆਂ ਹਨ।