ਪੰਜਾਬ : ਪੁੱਲ 'ਤੇ ਕਿਸਾਨਾਂ ਦਾ ਟਰੈਕਟਰ ਟਰਾਲੀਆਂ ਦਾ ਕਾਫਲਾ ਹੋਇਆ ਇਕੱਠਾ, ਪੁਲਿਸ ਬਲ ਤੈਨਾਤ, ਦੇਖੋ ਵੀਡਿਓ

ਪੰਜਾਬ : ਪੁੱਲ 'ਤੇ ਕਿਸਾਨਾਂ ਦਾ ਟਰੈਕਟਰ ਟਰਾਲੀਆਂ ਦਾ ਕਾਫਲਾ ਹੋਇਆ ਇਕੱਠਾ, ਪੁਲਿਸ ਬਲ ਤੈਨਾਤ, ਦੇਖੋ ਵੀਡਿਓ

ਅੰਮ੍ਰਿਤਸਰ : 13 ਫਰਵਰੀ ਨੂੰ ਦਿੱਲੀ ਕੂਚ ਦੀ ਤਿਆਰੀ ਨੂੰ ਲੈ ਕੇ ਕਿਸਾਨ ਡਟੇ ਹੋਏ ਨਜ਼ਰ ਆ ਰਹੇ ਨੇ। ਇੱਕ ਪਾਸੇ ਜਿੱਥੇ ਹਰਿਆਣਾ ਦੇ ਸ਼ੰਭੂ ਬੈਰੀਅਰ ਦੇ ਉੱਤੇ ਕਿਸਾਨਾਂ ਦੀ ਆਮਦ ਤੋਂ ਪਹਿਲਾਂ ਭਾਰੀ ਪੁਲਿਸ ਵੱਲ ਅਤੇ ਵੱਡੀਆਂ ਰੋਕਾਂ ਲਗਾਈਆਂ ਜਾ ਚੁੱਕੀਆਂ ਹਨ। ਉੱਥੇ ਹੀ ਮਾਝੇ ਦੇ ਕਸਬਾ ਬਿਆਸ ਵਿੱਚ ਦਰਿਆ ਨੇੜੇ ਕਾਫਲੇ ਦੇ ਰੂਪ ਦੇ ਵਿੱਚ ਟਰੈਕਟਰ ਟਰਾਲੀਆਂ ਇਕੱਤਰ ਹੁੰਦੀਆਂ ਨਜ਼ਰ ਆ ਰਹੀਆਂ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਦੇ ਵੱਡੇ ਕਾਫਲੇ ਦਰਿਆ ਬਿਆਸ ਨੇੜੇ ਇਕੱਤਰ ਹੋ ਰਹੇ ਹਨ ਜਿੱਥੇ ਕਿ ਕਿਸਾਨਾਂ ਵੱਲੋਂ ਕਤਾਰਾਂ ਰੂਪੀ ਟਰੈਕਟਰ ਟਰਾਲੀਆਂ ਸੜਕ ਕਿਨਾਰੇ ਲਗਾਈਆਂ ਜਾ ਰਹੀਆਂ ਹਨ ਅਤੇ ਆਲਾ ਕਿਸਾਨ ਲੀਡਰਾਂ ਦੇ ਆਦੇਸ਼ ਦੀ ਉਡੀਕ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕਿਸਾਨਾਂ ਵੱਲੋਂ ਫਿਲਹਾਲ ਆਪਣੇ ਕਾਫਲੇ ਨੂੰ ਦਰਿਆ ਬਿਆਸ ਨੇੜੇ ਹੌਲੀ ਹੌਲੀ ਇਕੱਤਰ ਕੀਤਾ ਜਾ ਰਿਹਾ ਹੈ।

ਜਿੱਥੋਂ 13 ਫਰਵਰੀ ਦੇ ਐਲਾਨ ਦੇ ਅਨੁਸਾਰ ਕਿਸਾਨ ਦਿੱਲੀ ਨੂੰ ਕੂਚ ਕਰਨਗੇ। ਇੱਕ ਪਾਸੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਦਰਿਆ ਬਿਆਸ ਨੇੜੇ ਇਕੱਤਰ ਹੋ ਰਹੀਆਂ ਹਨ। ਉਥੇ ਹੀ ਪੰਜਾਬ ਪੁਲਿਸ ਦਾ ਹਲਕਾ ਫੁਲਕਾ ਪੁਲਿਸ ਬਲ ਵੀ ਦਰਿਆ ਨੇੜੇ ਟੀ ਪੁਆਇੰਟ ਤੇ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਕਿਸਾਨ ਆਗੂਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ 13 ਫਰਵਰੀ ਦੀਆਂ ਤਿਆਰੀਆਂ ਕਰ ਚੁੱਕੇ ਹਨ ਅਤੇ ਹਰ ਇੱਕ ਲੋੜੀਦੀ ਚੀਜ਼ ਉਹਨਾਂ ਦੇ ਟਰੈਕਟਰ ਟਰਾਲੀਆਂ ਦੇ ਵਿੱਚ ਮੌਜੂਦ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਕੋਲੋਂ ਆਪਣੇ ਹੱਕ ਲੈਣ ਦੇ ਲਈ ਕਿਸਾਨ ਮਜ਼ਦੂਰ ਮਾਤਾਵਾਂ ਭੈਣਾਂ ਬੱਚੇ ਬਜ਼ੁਰਗ ਦਿੱਲੀ ਕੂਚ ਦੇ ਲਈ ਤਿਆਰ ਖੜੇ ਹਨ। ਉਧਰ ਇਸ ਸਬੰਧੀ ਡੀਐਸਪੀ ਬਾਬਾ ਬਕਾਲਾ ਸਾਹਿਬ ਸੁਵਿੰਦਰ ਪਾਲ ਸਿੰਘ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਲਾ ਐਂਡ ਆਰਡਰ ਦੀ ਸਥਿਤੀ ਬਰਕਰਾਰ ਹੈ ਅਤੇ ਹਾਈਵੇ ਤੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਉਹਨਾਂ ਕਿਹਾ ਕਿ ਕਿਸਾਨ 13 ਫਰਵਰੀ ਦੇ ਐਲਾਨ ਦੇ ਅਨੁਸਾਰ ਆਪਣੀ ਇਕੱਤਰਤਾ ਕਰ ਰਹੇ ਹਨ ਅਤੇ ਪੁਲਿਸ ਆਪਣੀ ਡਿਊਟੀ ਵਜੋਂ ਇੱਥੇ ਮੌਜੂਦ ਹੈ।