ਪੰਜਾਬ : ਕਿਸਾਨ ਨੇ ਖੇਤੀਬਾੜੀ ਅਧਿਕਾਰੀਆਂ ਤੇ ਲਾਏ ਰਿਸਵਤ ਮੰਗਣ ਦੇ ਆਰੋਪ, ਦੇਖੋ ਵੀਡਿਓ

ਪੰਜਾਬ : ਕਿਸਾਨ ਨੇ ਖੇਤੀਬਾੜੀ ਅਧਿਕਾਰੀਆਂ ਤੇ ਲਾਏ ਰਿਸਵਤ ਮੰਗਣ ਦੇ ਆਰੋਪ, ਦੇਖੋ ਵੀਡਿਓ

ਰਾਏਕੋਟ :  ਪਿੰਡ ਤੁੰਗਾ ਹੈੜੀ ਵਿਖੇ ਉਸ ਸਮੇਂ ਅਜੀਬੋ ਗਰੀਬ ਮਾਮਲਾ ਦੇਖਣ ਨੂੰ ਸਾਹਮਣੇ ਆਇਆ ਜਦੋਂ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਦੀਆਂ ਗੰਢਾਂ ਚੁੱਕਣ ਉਪਰੰਤ ਰਹਿੰਦ ਖੂੰਦ ਨੂੰ ਅੱਗ ਲਾਉਣ ਲੱਗੇ ਕਿਸਾਨ ਨੂੰ ਕੁਝ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਰੋਕਿਆ ਗਿਆ। ਜਿਸ ਤੋਂ ਬਾਅਦ ਹਾਲਾਤ ਉਸ ਸਮੇਂ ਹੰਗਾਮੇ ਵਾਲੇ ਬਣ ਗਏ ਜਦੋਂ ਕਿਸਾਨ ਨੇ ਉਕਤ ਖੇਤੀਬਾੜੀ ਅਧਿਕਾਰੀ ਤੇ ਰਿਸ਼ਵਤ ਮੰਗਣ ਦੇ ਦੋਸ਼ ਲਗਾਏ। ਕਿਸਾਨ ਰਜਿੰਦਰ ਸਿੰਘ ਬੜੂੰਦੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਵੱਲੋਂ 100 ਏਕੜ ਝੋਨੇ ਦੀ ਪਰਾਲੀ ਦੀਆਂ ਗੰਡਾਂ ਬਣਵਾ ਕੇ ਪਰਾਲੀ ਵੇਚੀ ਗਈ ਹੈ। ਲੇਕਿਨ ਜਦੋਂ ਹੁਣ ਉਹ ਇਸ ਪਰਾਲੀ ਨੂੰ ਚਕਵਾਉਣ ਉਪਰੰਤ ਖੇਤ ਵਿੱਚ ਪਈ ਪਰਾਲੀ ਦੀ ਕੁਝ ਰਹਿੰਦ ਖੂੰਦ ਨੂੰ ਅੱਗ ਲਗਾਉਣ ਲੱਗੇ ਤਾਂ ਖੇਤੀਬਾੜੀ ਅਧਿਕਾਰੀ ਗੁਰਦੀਪ ਸਿੰਘ ਨੇ ਆ ਕੇ ਉਨਾਂ ਤੋਂ ਅਸਿੱਧੇ ਤੌਰ ਤੇ ਰਿਸ਼ਵਤ ਮੰਗੀ।

ਸਥਿਤੀ ਨੂੰ ਤਨਾਵ ਪੂਰਵ ਹੁੰਦਾ ਦੇਖ ਕੇ ਮੌਕੇ ਤੇ ਰਾਏਕੋਟ ਦੀ ਨੈਬ ਤਹਿਸੀਲਦਾਰ ਮਨਵੀਰ ਕੌਰ ਵੀ ਪੁੱਜੀ।  ਜਿਨਾਂ ਨੇ ਦੋਨਾਂ ਦੇ ਪੱਖਾਂ ਦੀ ਗੱਲ ਸੁਣੀ। ਉਧਰ ਗੱਲਬਾਤ ਕਰਦੇ ਹੋਏ, ਜਿੱਥੇ ਅਧਿਕਾਰੀ ਗੁਰਦੀਪ ਸਿੰਘ ਨੇ ਆਪਣੇ ਉੱਪਰ ਲਗਾਏ ਗਏ, ਇਹਨਾਂ ਦੋਸ਼ਾਂ ਦਾ ਖੰਡਨ ਕੀਤਾ। ਉੱਥੇ ਮੌਕੇ ਤੇ ਪੁੱਜੇ ਨਾਇਬ ਤਹਸੀਲਦਾਰ ਰਾਏਕੋਟ ਮਨਵੀਰ ਕੌਰ ਨੇ ਕਿਹਾ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜਿਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪ੍ਰੰਤੂ ਉਹਨਾਂ ਅਧਿਕਾਰੀ ਉੱਪਰ ਲਾਏ ਰਿਸ਼ਵਤ ਮੰਗਣ ਦੇ ਦੋਸਾਂ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।