ਪੰਜਾਬ: ਹੜ੍ਹ ਪ੍ਰਭਾਵਤ ਖੇਤਰਾਂ 'ਚ NDRF ਤੇ BSF ਦੀਆਂ ਟੀਮਾਂ ਨੇ ਚਲਾਇਆ ਵਿਸ਼ੇਸ਼ ਅਭਿਆਨ, ਦੇਖੋਂ ਵੀਡਿਓ

ਪੰਜਾਬ: ਹੜ੍ਹ ਪ੍ਰਭਾਵਤ ਖੇਤਰਾਂ 'ਚ NDRF ਤੇ BSF ਦੀਆਂ ਟੀਮਾਂ ਨੇ ਚਲਾਇਆ ਵਿਸ਼ੇਸ਼ ਅਭਿਆਨ, ਦੇਖੋਂ ਵੀਡਿਓ

ਗੁਰਦਾਸਪੁਰ : ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਵਿੱਚ ਹੋਈ ਭਾਰੀ ਬਾਰਸ਼ ਕਾਰਨ ਪੌਂਗ ਡੈਮ `ਚੋਂ ਕੱਲ 1.40 ਲੱਖ ਕਿਊਸਿਕ ਪਾਣੀ ਛੱਡਣ ਤੋਂ ਬਾਅਦ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਜਗਤਪੁਰਾ ਟਾਂਡਾ, ਭੈਣੀ ਪਸਵਾਲ ਦੇ ਉੱਪਰ ਦੇ ਇਲਾਕਿਆਂ ਵਿੱਚ ਬਿਆਸ ਦਰਿਆ ਦੇ ਧੁੱਸੀ ਬੰਨ ਵਿੱਚ ਪਾੜ ਪੈ ਗਿਆ ਹੈ, ਜਿਸ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜਗਤਪੁਰਾ ਟਾਂਡਾ, ਭੈਣੀ ਪਸਵਾਲ ਦੇ ਉੱਪਰ ਦੇ ਇਲਾਕਿਆਂ ਵਿੱਚ ਬਿਆਸ ਦਰਿਆ ਦੇ ਧੁੱਸੀ ਬੰਨ ਵਿੱਚ ਪਾੜ ਪੈਣ ਕਾਰਨ ਪਿੰਡ ਚੀਚੀਆਂ ਚੋਰੀਆਂ, ਪੱਖੋਵਾਲ, ਦਾਊਵਾਲ, ਖੈਹਿਰਾ, ਦਲੇਰਪੁਰ, ਪਦਾਨਾ, ਛੀਨਾ ਬੇਟ, ਨਡਾਲਾ, ਜਗਤਪੁਰ ਕਲਾਂ, ਕੋਹਲੀਆਂ ਤੇ ਖਰੀਆਨ ਪਿੰਡ ਹੜ੍ਹ ਦੀ ਮਾਰ ਹੇਠ ਆਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਤੁਰੰਤ ਸੁਰੱਖਿਅਤ/ਉੱਚੇ ਸਥਾਨਾਂ `ਤੇ ਜਾਣ ਲਈ ਕਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਬਚਾਅ ਤੇ ਰਾਹਤ ਟੀਮਾਂ ਬੀਤੇ ਕੱਲ੍ਹ ਤੋਂ ਹੀ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਇਸੇ ਦੌਰਾਨ ਬੀਤੀ ਰਾਤ ਐੱਨ.ਡੀ.ਆਰ.ਐੱਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਹਨ ਜਿਨ੍ਹਾਂ ਵੱਲੋਂ ਅੱਜ ਸਵੇਰ ਤੋਂ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਦਰਿਆ ਬਿਆਸ ਦੇ ਪਾਣੀ ਕਾਰਨ ਬਣੇ ਐਮਰਜੈਂਸੀ ਹਲਾਤਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਪੂਰੀ ਤਰਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ-ਮੁਕੇਰੀਆਂ ਰੋਡ ਉੱਪਰ ਵੀ ਪਾਣੀ ਆਉਣ ਕਾਰਨ ਅਹਿਤਿਆਤ ਵਜੋਂ ਮੁਕੇਰੀਆਂ ਪੁੱਲ ਨੂੰ ਬੰਦ ਕਰਕੇ ਗੁਰਦਾਸਪੁਰ-ਮੁਕੇਰੀਆਂ ਟਰੈਫਿਕ ਨੂੰ ਦੀਨਾਨਗਰ ਹਾਈਵੇ ਵੱਲ ਦੀ ਡਾਈਵਰਟ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੁਰਾਣਾ ਸ਼ਾਲਾ ਦੇ ਸਕੂਲ ਵਿੱਚ ਰਾਹਤ ਕੈਂਪ ਸਥਾਪਤ ਕਰ ਦਿੱਤਾ ਗਿਆ ਹੈ ਅਤੇ ਮੈਡੀਕਲ, ਵੈਟਨਰੀ ਵਿਭਾਗਾਂ ਸਮੇਤ ਸਾਰੀਆਂ ਟੀਮਾਂ ਬਿਲਕੁਲ ਤਿਆਰ ਹਨ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।