ਇੰਡੀਅਨ ਰੈੱਡ ਕਰਾਸ ਸੁਸਾਇਟੀ ਵਿਖੇ ਮਨਾਇਆ ਗਿਆ ਰੈੱਡ ਕਰਾਸ ਡੇ

ਇੰਡੀਅਨ ਰੈੱਡ ਕਰਾਸ ਸੁਸਾਇਟੀ ਵਿਖੇ ਮਨਾਇਆ ਗਿਆ ਰੈੱਡ ਕਰਾਸ ਡੇ
ਚੇਅਰਪਰਸਨ ਡਾ. ਪ੍ਰੀਤ ਕੰਵਲ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਕਪੂਰਥਲਾ/ਚੰਦਰ ਸ਼ੇਖਰ ਕਾਲਿਆਂ: ਇੰਡੀਅਨ ਰੈੱਡ ਕਰਾਸ ਸੁਸਾਇਟੀ ਕਪੂਰਥਲਾ ਵਲੋਂ ਅੱਜ ਵਿਸ਼ਵ ਰੈੱਡ ਕਰਾਸ ਦਿਵਸ "ਬੀ ਹਿਊਮਨਕਾਈਂਡ" ਦੀ ਥੀਮ ਤਹਿਤ ਮਨਾਇਆ ਗਿਆ। ਜਿਸ ਵਿਚ ਇੰਡੀਅਨ ਰੈੱਡ ਕਰਾਸ ਸੁਸਾਇਟੀ ਕਪੂਰਥਲਾ ਦੇ ਚੇਅਰਪਰਸਨ ਡਾ.ਪ੍ਰੀਤ ਕੰਵਲ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜ) ਸ.ਰਣਜੀਤ ਸਿੰਘ ਭੁੱਲਰ, ਸਹਾਇਕ ਸਿਵਲ ਸਰਜਨ ਕਪੂਰਥਲਾ ਅਨੂ ਰਤਨ ਅਤੇ ਡੀ.ਐਸ.ਪੀ ਸ.ਕਮਲਜੀਤ ਸਿੰਘ ਔਲਖ ਵੀ ਹਾਜ਼ਰ ਸਨ।
ਸਮਾਗਮ ਵਿਚ ਹਾਜ਼ਰ ਵੱਖ-ਵੱਖ ਐਨ.ਜੀ.ਓਜ਼ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਪ੍ਰੀਤ ਕੰਵਲ ਨੇ ਕਿਹਾ ਕਿ 8 ਮਈ ਨੂੰ ਰੈੱਡ ਕਰਾਸ ਦੇ ਸੰਸਥਾਪਕ ਹੈਨਰੀ ਡੁਨੇਟ ਦਾ ਜਨਮ ਹੋਇਆ ਸੀ, ਇਸ ਲਈ ਇਸ ਦਿਨ ਨੂੰ ਦੁਨੀਆ ਦੀਆਂ ਸਾਰੀਆਂ ਰੈੱਡਕ੍ਰਾਸ ਸੁਸਾਇਟੀਆਂ ਵੱਲੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਸੁਸਾਇਟੀਆਂ ਦੇਸ਼ ਅਤੇ ਦੁਨੀਆ ਦੇ ਲੋਕ ਭਲਾਈ ਦੇ ਕੰਮਾਂ ਵਾਸਤੇ ਜਾਣੀਆਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਰੈੱਡ ਕਰਾਸ ਲੋਕ ਭਲਾਈ ਖ਼ਾਸ ਕਰਕੇ ਲੜਕੀਆਂ ਦੀ ਸਿੱਖਿਆ, ਸਿਹਤ ਵੱਲ ਵਿਸ਼ੇਸ਼ ਤਵੱਜੋੰ ਦੇਣ ਸਬੰਧੀ ਗਤੀਵਿਧੀਆਂ ਵੱਲ ਵਿਸ਼ੇਸ਼ ਧਿਆਨ ਦੇ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੜਕੀਆਂ ਨੂੰ ਕਿੱਤਾਮੁਖੀ ਸਿਖਲਾਈ ਜਿਵੇਂ ਕਿ ਬੁਟੀਕ, ਫੈਸਨ ਡਿਜ਼ਾਈਨਿੰਗ, ਬਿਊਟੀ ਪਾਰਲਰ ਵਰਗੇ ਕੋਰਸਾਂ ਦੀ ਮੁਫ਼ਤ ਸਿਖਲਾਈ ਜਲਦ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਉਹ ਮੁਫ਼ਤ ਸਿਖਲਾਈ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ। ਉਨ੍ਹਾਂ ਰੈੱਡ ਕਰਾਸ ਵਿਖੇ ਚੱਲ ਰਹੇ ਫਿਜ਼ੀਓਥੈਰੇਪੀ ਸੈਂਟਰ ਦੇ ਬਾਰੇ ਵੀ ਹਾਜ਼ਰ ਲੋਕਾਂ ਨੂੰ ਜਾਣੂ ਕਰਵਾਇਆ।
ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਰੋਜ਼ਮੱਰਾ ਦੇ ਰੁਝੇਵਿਆਂ ਤੋਂ ਲੋਕ ਭਲਾਈ ਦੇ ਕੰਮਾਂ ਲਈ ਸਮਾਂ ਕੱਢ ਕੇ ਲੋੜਵੰਦਾਂ ਦੀ ਸਹਾਇਤਾ ਕਰਨ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਸੁਸਾਇਟੀ ਵਲੋਂ ਜ਼ਿਲ੍ਹੇ ਦੇ ਲੋੜਵੰਦ ਲੋਕਾਂ ਨੂੰ ਹਰ ਸਾਲ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਮੌਕੇ ਟ੍ਰਾਈ ਸਾਈਕਲ, ਵੀਹਲ ਚੇਅਰਾਂ, ਔਰਤਾਂ ਨੂੰ ਸਿਲਾਈ ਮਸ਼ੀਨਾਂ ਆਦਿ ਦੀ ਵੰਡ ਕੀਤੀ ਜਾਂਦੀ ਹੈ।