ਹੁਸ਼ਿਆਰਪੁਰ/ਅਨਿਕੇਤ : ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੇ ਬਾਹਰਵਾਰ ਚੰਡੀਗੜ੍ਹ ਰੋਡ ‘ਤੇ ਅੱਜ ਸਵੇਰੇ ਘਰਾਂ ਤੋਂ ਸਵੇਰ ਦੀ ਸੈਰ ਲਈ ਜਾ ਰਹੇ ਲੋਕ ਅਚਾਨਕ ਉਸ ਸਮੇਂ ਡਰ ਗਏ ਜਦੋਂ ਉਨ੍ਹਾਂ ਮਾਹਿਲਪੁਰ ਦੇ ਨਾਲ ਲਗਦੇ ਪੁਲ ਅਤੇ ਪਿੰਡ ਟੂਟੋਮਜਾਰਾ ਦੇ ਚੋਅ ਉੱਪਰ ਬਣੇ ਪੁਲ ਸਮੇਤ ਇੱਕ ਪੈਟਰੌਲ ਪੰਪ ‘ਤੇ ਲਿਖ਼ੇ ਖ਼ਾਲਿਸਤਾਨ ਜਿੰਦਾਬਾਦ ਦੇ ਨਾਹਰੇ ਦੇਖ਼ੇ | ਪੈਟਰੌਲ ਪੰਪ ਦੇ ਕਰਿੰਦਿਆਂ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਸੂਚਿਤ ਕੀਤਾ ਜਿਨ੍ਹਾਂ ਤੁੰਰਤ ਹੀ ਕਾਲਾ ਪੇਂਟ ਲੈ ਕੇ ਇਹ ਨਾਅਰੇ ਮਿਟਾ ਦਿੱਤੇ |
ਇਸ ਸਬੰਧੀ ਜਦੋਂ ਪੱਤਰਕਾਰਾਂ ਦੀ ਟੀਮ ਥਾਣਾ ਮਾਹਿਲਪੁਰ ਦੀ ਪੁਲਿਸ ਤੋਂ ਜਾਣਕਾਰੀ ਮੰਗ ਰਹੀ ਸੀ ਤਾਂ ਥਾਣਾ ਮੁਖੀ ਸਾਫ਼ ਕੋਈ ਜਵਾਬ ਨਾ ਦਿੱਤਾ ਅਤੇ ਪੱਤਰਕਾਰਾਂ ਨੂੰ ਹੀ ਰਿਪੋਰਟ ਦਰਜ ਕਰਵਾਉਣ ਲਈ ਆਖ਼ਣ ਲੱਗੇ | ਇਸੇ ਦੌਰਾਨ ਪੁਲਿਸ ਨੂੰ ਹੋਰ ਸੂਚਨਾ ਮਿਲੀ ਕਿ ਪਿੰਡ ਟੂਟੋਮਜਾਰ ਦੇ ਪੁਲ ਉੱਪਰ ਵੀ ਛੇ ਵਾਰ ਖਾਲਿਸਤਾਨੀ ਪੱਖ਼ੀ ਨਾਅਰੇ ਲਿਖ਼ੇ ਹੋਏ ਹਨ | ਇਸ ਤੋਂ ਪਹਿਲਾਂ ਕਿ ਪੁਲਿਸ ਉਨ੍ਹਾਂ ਨੂੰ ਮਿਟਾਉਂਦੀ ਪੱਤਰਕਾਰਾਂ ਨੇ ਉਨ੍ਹਾਂ ਨੂੰ ਕੈਮਰਿਆਂ ਵਿਚ ਕੈਦ ਕਰ ਲਿਆ | ਮਾਹਿਲਪੁਰ ਪੁਲਿਸ ਨੇ ਪੈਟਰੌਲ ਪੰਪ ‘ਤੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ |