ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ 2 ਦੁਕਾਨਾਂ ਸੀਲ

ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ 2 ਦੁਕਾਨਾਂ ਸੀਲ

ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਹੋਈ ਕਾਰਵਾਈ
ਕਪੂਰਥਲਾ/ਚੰਦਰ ਸ਼ੇਖਰ ਕਾਲਿਆਂ: ਨਗਰ ਨਿਗਮ ਕਪੂਰਥਲਾ ਦੇ ਕਮਿਸ਼ਨਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਦੇ ਹੁਕਮਾਂ ’ਤੇ ਕਾਰਵਾਈ ਕਰਦੇ ਹੋਏ ਨਗਰ ਨਿਗਮ ਵਲੋਂ ਸ਼ਹਿਰ ਅੰਦਰ ਇਮਾਰਤ ਉਸਾਰੀ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 2 ਦੁਕਾਨਾਂ ਨੂੰ ਸੀਲ ਕੀਤਾ ਗਿਆ ਹੈ। 

ਕਮਿਸ਼ਨਰ ਸ਼੍ਰੀ ਸਾਰੰਗਲ ਨੇ ਦੱਸਿਆ ਕਿ ਸ਼ਹਿਰ ਦੇ ਮਾਲ ਰੋਡ ਉੱਪਰ ਰਿਲਾਇੰਸ ਟਰੈਂਡ ਸ਼ੋਅਰੂਮ ਦੇ ਨਾਲ ਬਣੀ ਹੋਈ ਦੁਕਾਨ  ਅਤੇ ਵਿਜੈ ਬੈਂਕ ਦੇ ਨਾਲ ਤਿਆਰੀ ਅਧੀਨ ਬਿਲਡਿੰਗ ਨੂੰ ਸੀਲ ਕੀਤਾ ਗਿਆ ਹੈ। 

ਇਨ੍ਹਾਂ ਇਮਾਰਤਾਂ ਦੇ ਮਾਲਿਕਾਂ ਨੂੰ ਨਗਰ ਨਿਗਮ ਵਲੋਂ 2 ਤੋਂ 3 ਵਾਰ ਨਿਯਮਾਂ ਦੀ ਉਲੰਘਣਾ ਸਬੰਧੀ ਨੋਟਿਸ ਭੇਜੇ ਗਏ ਸਨ ਪਰ ਸਬੰਧਿਤ ਮਾਲਕਾਂ ਵਲੋਂ ਸੰਤੁਸ਼ਟੀਜਨਕ ਜਵਾਬ ਨਾ ਦੇਣ ਕਰਕੇ ਸਮਰੱਥ ਅਥਾਰਟੀ ਵਲੋਂ ਇਮਾਰਤਾਂ ਨੂੰ ਸੀਲ ਕਰਨ ਦੇ ਹੁਕਮ ਦਿੱਤੇ ਗਏ।

ਇਨਾਂ ਇਮਾਰਤਾਂ ਵਿਚੋਂ ਇਕ ਦਾ ਨਕਸ਼ਾ ਪਾਸ ਨਹੀਂ ਸੀ ਜਦਕਿ ਦੂਜੀ ਇਮਾਰਤ ਦੀ ਉਸਾਰੀ ਪਾਸ ਹੋਏ ਨਕਸ਼ੇ ਅਨੁਸਾਰ ਨਹੀਂ ਹੋ ਰਹੀ ਸੀ।  

ਨਗਰ ਨਿਗਮ ਕਮਿਸ਼ਨਰ  ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਗਰ ਨਿਗਮ ਵਲੋਂ ਪਾਸ ਕੀਤੇ ਨਕਸ਼ੇ ਅਨੁਸਾਰ ਹੀ ਉਸਾਰੀ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਮਾਰਤ ਉਸਾਰੀ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ।